Murder: ਪਤਨੀ ਨੂੰ ਤਲਵਾਰ ਨਾਲ ਕੱਟ ਕੇ ਮਾਰਿਆ , ਫਿਰ ਲੋਕਾਂ ਤੋਂ ਪੁੱਛਿਆ ਠਾਣੇ ਦਾ ਰਾਹ

ਜਲੰਧਰ, 15 ਦਸੰਬਰ :
ਜਲੰਧਰ ਦੇ ਗੁਰਾਇਆ ‘ਚ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰੇਲੂ ਝਗੜੇ ‘ਚ ਮੁਹੱਲਾ ਨਾਨਕਪੁਰਾ ‘ਚ ਪਤੀ ਨੇ ਆਪਣੀ ਪਤਨੀ ਨੂੰ ਤਲਵਾਰ ਨਾਲ ਵਾਰ ਕਰ ਕੇ ਕਥਿਤ ਤੌਰ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਖ਼ੌਫਨਾਕ ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਮੁਲਜ਼ਮ ਨੇ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਮੁਹੱਲਾ ਵਾਸੀਆਂ ਤੋਂ ਥਾਣੇ ਦਾ ਰਾਹ ਪੁੱਛਿਆ ਅਤੇ ਖ਼ੂਨ ਨਾਲ ਲਿੱਬੜੀ ਤਲਵਾਰ ਲੈ ਕੇ ਉੱਥੇ ਪਹੁੰਚ ਗਿਆ। ਉਸ ਨੇ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਔਰਤ ਦੀ ਪਛਾਣ 40 ਸਾਲਾ ਬਿੰਦੂ ਦੇ ਰੂਪ ‘ਚ ਹੋਈ ਜਦਕਿ ਹੱਤਿਆ ਦਾ ਦੋਸ਼ੀ ਉਸ ਦਾ ਪਤੀ ਜਸਵੰਤ ਸਿੰਘ ਹੈ।
ਪਤਾ ਚੱਲਿਆ ਹੈ ਕਿ ਬਿੰਦੂ ਦਾ ਵਿਆਹ ਲੁਧਿਆਣਾ ‘ਚ ਜਸਵੰਤ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਦੋਵਾਂ ਦੇ ਬੱਚੇ ਬਲਜੀਤ ਕੌਰ (16) ਤੇ ਪ੍ਰਦੀਪ ਸਿੰਘ (14) ਸਕੂਲ ‘ਚ ਪੜ੍ਹਦੇ ਹਨ। ਬਿੰਦੂ ਕਰੀਬ ਇਕ ਮਹੀਨੇ ਤੋਂ ਗੁਰਾਇਆ ‘ਚ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ। ਮੰਗਲਵਾਰ ਦੁਪਹਿਰੇ ਉਸ ਦਾ ਪਤੀ ਤਲਵਾਰ ਲੈ ਕੇ ਉੱਥੇ ਪੁੱਜਾ ਅਤੇ ਉਸ ‘ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜ਼ਖ਼ਮ ਡੂੰਘੇ ਹੋਣ ਕਾਰਨ ਬਿੰਦੂ ਮੌਕੇ ‘ਤੇ ਹੀ ਡਿੱਗ ਗਈ ਤੇ ਤੜਫਣ ਲੱਗੀ
ਉਸ ਦੀਆਂ ਚੀਕਾਂ ਸੁਣ ਕੇ ਮੁਹੱਲੇ ਦੇ ਲੋਕ ਘਰੋਂ ਬਾਹਰ ਦੌੜੇ। ਇੰਨੇ ‘ਚ ਹਮਲਾਵਰ ਪਤੀ ਹੱਥ ‘ਚ ਫੜੀ ਖ਼ੂਨ ਨਾਲ ਲਿਬੜੀ ਤਲਵਾਰ ਲੈ ਕੇ ਬਾਹਰ ਨਿਕਲ ਆਇਆ। ਜਸਵੰਤ ਸਿੰਘ ਚੀਕਦਾ ਹੋਇਆ ਕਹਿ ਰਿਹਾ ਸੀ ਕਿ ਉਸ ਨੇ ਪਤਨੀ ਨੂੰ ਮਾਰ ਦਿੱਤਾ ਹੈ, ਥਾਣਾ ਕਿੱਥੇ ਹੈ।
ਬਾਅਦ ‘ਚ ਗੁਰਾਇਆ ਪੁਲਿਸ ਤੇ ਮੁਹੱਲਾ ਵਾਸੀਆਂ ਨੇ ਬਿੰਦੂ ਨੂੰ ਇਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।