25 ਜਨਵਰੀ ਤੋਂ ਵੋਟਰ ਖੁਦ ਕਰ ਸਕੇਗਾ ਆਪਣਾ ਇਲੈਕਟ੍ਰਾਨਿਕ ਵੋਟਰ ਫੋਟੋ ਸ਼ਨਾਖਤੀ ਕਾਰਡ ਡਾਊਨਲੋਡ

ਕਪੂਰਥਲਾ, 24 ਜਨਵਰੀ :

ਭਾਰਤੀ ਚੋਣ ਕਮਿਸ਼ਨ ਵਲੋਂ ਕੱਲ੍ਹ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ –ਈਪਿਕ (ਇਲੈਕਟ੍ਰਾਨਿਕ ਵੋਟਰ ਫੋਟੋ ਸ਼ਨਾਖਤੀ ਕਾਰਡ) ਡਾਊਨਲੋਡ ਕਰਨ ਦੀ ਸੁਵਿਧਾ ਲਾਂਚ ਕੀਤੀ ਜਾ ਰਹੀ ਹੈ। ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਵੋਟਰ ਆਪਣਾ ਸ਼ਨਾਖਤੀ ਕਾਰਡ ਮੋਬਾਇਲ ਜਾਂ ਕੰਪਿਊਟਰ ’ਤੇ ਡਾਊਨਲੋਡ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ 25 ਜਨਵਰੀ ਤੋਂ 31 ਜਨਵਰੀ ਤੱਕ ਕੇਵਲ ਨਵੇਂ ਵੋਟਰ (18 ਸਾਲ ਦੇ) ਜੋ ਕਿ ਯੋਗਤਾ ਮਿਤੀ ਪਹਿਲੀ ਜਨਵਰੀ 2021 ਨੂੰ ਦਰਜ ਹੋਏ ਹਨ, ਉਹ ਆਪਣੀ ਸਹੂਲਤ ਲਈ ਐਪਸ ਤੋਂ ਆਪਣੇ ਰਜਿਸਟਰਡ ਯੂਨੀਕ ਮੋਬਾਇਲ ਨੰਬਰ ਨੂੰ ਦਰਜ ਕਰਕੇ ਈ-ਈਪਿਕ ਡਾਊਨਲੋਡ ਕਰ ਸਕਦੇ ਹਨ। ਦੂਜੇ ਪੜਾਅ ਤਹਿਤ ਪਹਿਲੀ ਫਰਵਰੀ ਤੋਂ ਬਾਅਦ ਸਾਰੇ ਰਜਿਸਟਰਡ ਵੋਟਰ (ਕਿਸੇ ਵੀ ਉਮਰ ਦੇ ) ਜਿਨ੍ਹਾਂ ਦਾ ਮੋਬਾਇਲ ਨੰਬਰ ਰਜਿਸਟਰਡ ਹੈ, ਉਹ ਆਪਣਾ ਈ-ਈਪਿਕ ਡਾਊਨਲੋਡ ਕਰ ਸਕਦੇ ਹਨ।

ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ( ਐਸ .ਡੀ.ਐਮ) ਅਤੇ ਆਪਣੇ ਖੇਤਰ ਦੇ ਬੀ ਐਲ ਓਜ਼ , ਜਿਲ੍ਹਾ ਚੋਣ ਅਫਸਰ, ਦਫਤਰ ਜਾਂ 1950 ਟੋਲ ਫ੍ਰੀ ਨੰਬਰ ’ਤੇ ਤਾਲਮੇਲ ਕਰਕੇ ਆਪਣੇ ਈ-ਈਪਿਕ ਡਾਊਨਲੋਡ ਕਰਨ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।