ਮਹਿੰਗੀ ਬਿਜਲੀ ਖਿਲਾਫ ਮਹਿੰਗਾ ਪਿਆ
ਚੰਡੀਗੜ,12 ਜਨਵਰੀ (ਪੀ 2 ਪੀ )। ਪੰਜਾਬ ‘ਚ ਮਹਿੰਗੀ ਬਿਜਲੀ ਖਿਲਾਫ ਪ੍ਰਦਰਸ਼ਨ ਕਰਨ ‘ਤੇ ਆਮ ਆਦਮੀ ਪਾਰਟੀ ਪੰਜਾਬ ਤੇ ਮਾਮਲਾ ਦਰਜ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘੇਰਾਓ ਕਰਨ ਜਾਂਦੇ ਸਮੇਂ ਚੰਡੀਗੜ• ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਕੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਇਲਜ਼ਾਮਾਂ ਤਹਿਤ ਥਾਣਾ ਸੈਕਟਰ ਤਿੰਨ ਦੀ ਪੁਲਿਸ ਨੇ ਸਾਂਸਦ ਭਗਵੰਤ ਮਾਨ, ਅੱਠ ਵਿਧਾਇਕ ਅਤੇ 800 ਵਰਕਰਾਂ ਖਿਲਾਫ ਧਾਰਾ-147, 149, 332, 353 ਤੇ 188 ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਕੇਸ ਦੀ ਸਪੈਸ਼ਲ ਰਿਪੋਰਟ ਅਧਿਕਾਰੀਆਂ ਕੋਲ ਭੇਜੀ ਜਾ ਚੁੱਕੀ ਹੈ। ਆਪ ਵਿਧਾਇਕ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਲਾਠੀਚਾਰਜ ਤੇ ਜਲ ਤੋਪਾਂ ਦੀ ਵਰਤੋਂ ਨਾਲ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਜਸਬੀਰ ਸਿੰਘ ਕੁਦਨੀ ਤੇ ਬੱਸਾ ਪਠਾਣਾਂ ਤੋਂ ਸੰਤੋਖ ਸਿੰਘ ਦੀ ਇਕ ਅੱਖ ਦੀ ਰੋਸ਼ਨੀ ਚਲੀ ਗਈ। ਵਿਧਾਇਕ ਅਮਨ ਅਰੋੜਾ ਵੀ ਅੱਖ ‘ਤੇ ਸੱਟ ਲੱਗਣ ਕਾਰਨ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਹਨ। ਵਿਧਾਇਕ ਸੰਧਵਾਂ ਦੇ ਗੋਡੇ ‘ਤੇ ਸੱਟ ਲੱਗੀ ਸੀ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ 24 ਵਰਕਰ ਜ਼ਖ਼ਮੀ ਹੋ ਗਏ ਸਨ। ਚੰਡੀਗੜ• ਪੁਲਿਸ ਨੇ ਡੀਸੀ ਦੇ ਆਦੇਸ਼ ਦੀ ਉਲੰਘਣਾ, ਸਰਕਾਰੀ ਡਿਊਟੀ ‘ਚ ਖ਼ਲਲ, ਸੱਟ ਲਾਉਣਾ ‘ਤੇ ਮਾਰਕੁੱਟ ਕਰਨ ‘ਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਸਾਰਿਆਂ ਵਿਰੁੱਧ ਕੇਸ ਦਰਜ ਕੀਤਾ ਹੈ।