ਸੁਪਰੀਮ ਕੋਰਟ ਵੱਲੋ ਖੇਤੀ ਕਾਨੂੰਨ ਵਿਵਾਦ ਦੇ ਹੱਲ ਲਈ ਬਣਾਈ ਕਮੇਟੀ ਤੋਂ ਮਾਨ ਦਾ ਅਸਤੀਫਾ।

ਚੰਡੀਗੜ੍ਹ / ਨਵੀਂ ਦਿੱਲੀ , 14 ਜਨਵਰੀ ( ਹਿ ਸ ): ਨੁਕਤਾਚੀਨੀ ਦਰਮਿਆਨ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਸੁਪ੍ਰੀਮ ਕੋਰਟ ਵੱਲੋਂ ਗਠਿਤ 4 ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨ ਮਾਮਲੇ ਵਿਚ 12 ਜਨਵਰੀ ਨੂੰ ਦੇਸ਼ ਦੀ ਸਰਬ ਉੱਚ ਅਦਾਲਤ ਨੇ ਇਸ ਵਿਵਾਦ ਦੇ ਹੱਲ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ , ਜਿਸ ਵਿਚ ਭੁਪਿੰਦਰ ਸਿੰਘ ਮਾਨ ਵੀ ਬਤੌਰ ਇਕ ਮੈਂਬਰ ਸਨ। ਕਾਂਗਰਸ ਦੇ ਸੰਸਦ ਮੈਂਬਰ ਰਹੇ ਮਾਨ ਨੂੰ ਲੈ ਕੇ ਪੰਜਾਬ ਵਿਚ ਕਾਂਗਰਸ ਨੂੰ ਰਾਜਨੀਤਕ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਸੁਪਰੀਮ ਕੋਰਟ ਨੂੰ ਭੇਜੇ ਪੱਤਰ ਵਿਚ ਮਾਨ ਨੇ ਕਿਹਾ ਕਿ ਇਕ ਕਿਸਾਨ ਆਗੂ ਅਤੇ ਜਥੇਬੰਦੀ ਦੇ ਆਗੂ ਰੂਪ ਵਿਚ ਉਨ੍ਹਾਂ ਕਿਹਾ ਕਿ ਖੇਤ ਯੂਨੀਅਨਾਂ ਅਤੇ ਆਵਾਮ ਦਰਮਿਆਨ ਪ੍ਰਚਲਿਤ ਭਾਵਨਾਵਾਂ ਅਤੇ ਸ਼ੰਕਿਆਂ ਦੇ ਕਾਰਣ ਉਹ ਕਿਸਾਨੀ ਹਿਤ ਵਿਚ ਖੁਦ ਨੂੰ 4 ਮੈਂਬਰੀ ਕਮੇਟੀ ਤੋਂ ਦੂਰ ਕਰ ਰਹੇ ਹਨ ਅਤੇ ਉਹ ਹਮੇਸ਼ਾ ਆਪਣੇ ਕਿਸਾਨਾਂ ਅਤੇ ਪੰਜਾਬ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਲਈ ਉਹ ਕੋਈ ਵੀ ਅਹੁਦਾ ਛੱਡ ਸਕਦੇ ਹਨ। ਜਿਕਰਯੋਗ ਹੈ ਕਿ ਭੁਪਿੰਦਰ ਸਿੰਘ ਮਾਨ ਅਤੀਤ ਵਿਚ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਬਣੇ ਸਨ। ਬਾਕੀ ਦੇ ਤਿੰਨ ਮੈਂਬਰਾਂ ਵਿਚ ਅਸ਼ੋਕ ਗੁਲਾਟੀ , ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਤ ਸ਼ਾਮਿਲ ਹਨ।