ਸਰੀਰਕ ਤੰਦਰੁਸਤੀ ਅਤੇ ਉਮਰ ਦੇਖ ਕੇ ਹੀ ਹੋਣਗੇ 101 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ।

ਚੰਡੀਗੜ੍ਹ, 11 ਦਸੰਬਰ ( ਪੀ 2 ਪੀ ): ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਧਾਰਮਿਕ ਜਾਂ ਸਮਾਜਿਕ ਸੰਸਥਾਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਦੇ ਬਾਲਿਗ ਹੋਣ ਦੀ ਪੁਸ਼ਟੀ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਕਰਵਾਏਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡੇਰਾਬਸੀ ਭਾਂਖਰਪੁਰ ਵਿਖੇ ਇੱਕ ਵਿਸ਼ਵ ਪੱਧਰੀ ਸਮਾਗਮ 15 ਦਸੰਬਰ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ 101 ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ । ਇਸ ਸਮਾਗਮ ਵਿਚ ਪੰਜੇ ਤਖਤਾਂ ਦੇ ਸਿੰਘ ਸਹਿਬਾਨਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਾਮਿਲ ਹੋਣਗੀਆਂ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਇਨ੍ਹਾਂ ਸਮੂਹਿਕ ਵਿਆਹਾਂ ਦੇ ਲਈ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ।

ਇਸ ਮੌਕੇ ਮੋਗੇ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਮੀਡੀਆ ਦੇ ਰਾਹੀਂ ਪੂਰੇ ਸੰਤ ਸਮਾਜ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ । ਉਨ੍ਹਾਂ ਕਿ ਪਿੰਡ ਭਾਂਖਰਪੁਰ ਦੀ ਧਰਤੀ ਵੱਡੇ ਭਾਗਾਂ ਵਾਲੀ ਹੈ ਜਿੱਥੇ ਵਿਸ਼ਵ ਪੱਧਰ ਤੇ ਐਡਾ ਵੱਡਾ ਸਮਾਗਮ ਉਲੀਕਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਪੱਧਰੀ ਸਮਾਗਮ ਦੇ ਸਬੰਧ ਵਿੱਚ ਉਨ੍ਹਾਂ ਦੀ ਗੱਲਬਾਤ ਯੂਐਨਓ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਦੇ ਸਰਕਾਰੀ ਨੁਮਾਇੰਦਿਆਂ , ਐੱਮਪੀਜ਼ , ਮੰਤਰੀਆਂ ਅਤੇ ਸੰਗਤਾਂ ਦੇ ਨਾਲ ਹੋਈ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਦਿਖਾਈ ਅਤੇ ਕਿਹਾ ਕਿਉਂ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਇੱਛੁਕ ਹਨ । ਜਿਸ ਸਦਕਾ ਆਉਣ ਵਾਲੀ ਮਿਤੀ 15 ਦਸੰਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਸਰਕਾਰੀ ਨੁਮਾਇੰਦੇ ਐੱਮਪੀਜ਼ ਮੰਤਰੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਇਸ ਪ੍ਰੋਗਰਾਮ ਵਿੱਚ ਪਹੁੰਚਣਗੀਆਂ ।

ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਲਈ ਗਿਆਰਾਂ ਏਕੜ ਜ਼ਮੀਨ ਦੇ ਉੱਤੇ ਇੱਕ ਵੱਡਾ ਪੰਡਾਲ ਬਣੇਗਾ ਜਿਸ ਵਿੱਚ 101 ਛੋਟੇ ਕੈਬਿਨ ਸਥਾਪਿਤ ਕੀਤੇ ਜਾਣਗੇ ਜਿਸ ਵਿੱਚ ਸਮੂਹਿਕ ਵਿਆਹਾਂ ਵਿੱਚ ਧੀਆਂ ਨੂੰ ਦਿੱਤਾ ਜਾਣ ਵਾਲਾ ਸਾਮਾਨ ਰੱਖਿਆ ਜਾਵੇਗਾ । 200x 600 ਵਿੱਚ ਵੱਡਾ ਪੰਡਾਲ ਹੋਵੇਗਾ । 200x 400 ਵਿੱਚ ਆਈਆਂ ਸੰਗਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ । ਇਸ ਦੇ ਨਾਲ ਹੀ ਤਿੰਨ ਵੱਡੀਆਂ ਸਟੇਜਾਂ ਲਗਾਈਆਂ ਜਾਣਗੀਆਂ ਜਿਸ ਵਿੱਚ 32×16 ਵਿੱਚ ਗੁਰੂਸਰ ਦੀ ਪਾਲਕੀ ਸਜਾਈ ਜਾਵੇਗੀ ਤੇ ਸਾਈਡਾਂ ਤੇ ਦੋ ਸਟੇਜਾਂ ਇੱਕ ਧਾਰਮਿਕ ਸ਼ਖ਼ਸੀਅਤਾਂ ਵਾਸਤੇ ਅਤੇ ਦੂਜੀ ਸਮਾਜਿਕ ਸ਼ਖ਼ਸੀਅਤਾਂ ਲਈ ਰੱਖੀ ਜਾਵੇਗੀ । 70×150 ਵਿੱਚ ਜੋੜਾ ਘਰ ਬਣਾਇਆ ਗਿਆ ਹੈ ।
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਦੇ ਨਾਲ ਸੰਤ ਬਾਬਾ ਸ਼੍ਰੀਮਾਨ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ,ਅਮਰ ਸਿੰਘ, ਅਮਰੀਕ ਸਿੰਘ , ਇੰਦਰਜੋਤ ਸਿੰਘ ,ਸਵਰਨ ਸਿੰਘ, ਚਰਨ ਸਿੰਘ ,ਗੁਰਚਰਨ ਸਿੰਘ , ਸੁਖਵਿੰਦਰ ਸਿੰਘ ਗੋਲਡੀ ਅਤੇ ਸਰਦਾਰ ਜਸਵੀਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।