ਵਿਦਿਆਰਥਣਾਂ ਨੂੰ ਕਰਾਟੇ ਟ੍ਰੇਨਿੰਗ : ਸਰਹੱਦੀ ਜ਼ਿਲ੍ਹੇ ਗੁਰਦਸਪੁਰ ‘ਚ ਲੜਕੀਆਂ ਨੂੰ ‘ਸੈਲਫ ਡਿਫੈਂਸ’ ਮੁਫ਼ਤ ਸਿਖਲਾਈ

ਗੁਰਦਾਸਪੁਰ, 3 ਜਨਵਰੀ : ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 22ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅਚੀਵਰਜ਼ ਪ੍ਰੋਗਰਾਮ ਵਿਚ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਹਰਗੋਬਿੰਦਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਸੁਰਜੀਤ ਪਾਲ ਜ਼ਿਲਾ ਸਿੱਖਿਆ (ਪ), ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਵੀਡੀਓ ਕਾਨਫਰੰਸ ਜਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਵਿਧਾਇਕ ਲਾਡੀ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵਾਂ ਸਾਲ ਸਾਰਿਆਂ ਲਈ ਚੰਗੀ ਸਿਹਤ, ਉੱਨਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਉਨਾਂ ਅਚੀਵਰਜ਼ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਸਿੱਖਿਆ,ਸਿਹਤ ਸਮੇਤ ਹਰ ਖੇਤਰ ਵਿਚ ਸਰਬਪੱਖੀ ਵਿਕਾਸ ਕਾਰਜ ਕੀਤੇ ਗਏ ਹਨ। ਰਾਜ ਸਰਕਾਰ ਵਲੋਂ ਵਿਦਿਆਰਥਣਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦੇ ਨਾਲ ਸਿੱਖਿਆ ਦਾ ਹੋਰ ਮਿਆਰ ਉੱਚਾ ਚੁੱਕਣ ਲਈ ਜਿਕਰਯੋਗ ਉਪਰਾਲੇ ਕੀਤੇ ਗਏ ਹਨ। ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਦੇ ਨਾਲ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਵਿਕਾਸ ਕਾਰਜਾਂ ਦੀ ਗਤੀ ਤੇਜ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਔਰਤਾਂ ਨੂੰ ਹੋਰ ਸ਼ਸਤਰੀਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਹਨ ਅਤੇ ਔਰਤਾਂ ਲਈ 50 ਫੀਸਦ ਰਾਖਵਾਂਕਰਨ ਕਰਨ ਔਰਤਾਂ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ‘ਅਚਵੀਰਜ਼ ਪ੍ਰੋਗਰਾਮ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਾ ਕਿਹਾ ਕਿ ਉਹ ਹਰ ਵੇਲੇ ਜ਼ਿਲੇ ਦੇ ਸਰਬਪੱਖੀ ਵਿਕਾਸ ਲਈ ਤੱਤਪਰ ਰਹਿਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਿਧਾਇਕ ਲਾਡੀ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਲ ਸਾਰਿਆਂ ਲਈ ਸਾਂਤੀ, ਪਿਆਰ ਤੇ ਤਰੱਕੀ ਲੈ ਕੇ ਆਵੇ ਅਤੇ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਦੇ ਹੋਰ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹੇਗਾ। ਉਨਾਂ ਅੱਗੇ ਕਿਹਾ ਕਿ ਜਲਦ ਹੀ ਖੇਡ ਵਿਭਾਗ ਗੁਰਦਾਸਪੁਰ ਵਲੋਂ ਲੜਕੀਆਂ ਨੂੰ ‘ਸੈਲਫ ਡਿਫੈਂਸ’ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਇਸ ਸਬੰਧੀ ਗੁਰਦਾਸਪੁਰ ਅਤੇ ਬਟਾਲਾ ਵਿਖੇ ਮੁਫਤ ਸਿਖਾਲਈ ਦੇਣ ਲਈ ਵਿਸ਼ੇਸ ਕੈਂਪ ਲਗਾਏ ਜਾਣਗੇ, ਜਿਸ ਵਿਚ ਲੜਕੀਆਂ ਤੇ ਔਰਤਾਂ ਹਿੱਸਾ ਲੈ ਸਕਣਗੀਆਂ। ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਛੋਟਾ ਘੱਲੂਘਾਰਾ ਸਮਾਰਕ, ਛੰਬ ਕਾਹਨੂੰਵਾਨ ਵਿਖੇ ਬੱਚਿਆਂ ਲਈ ਐਕਟੀਵਿਟੀ ਰੂਮ ਬਣਾਉਣ ਦੇ ਨਾਲ ਹੋਰ ਵਿਕਾਸ ਕੰਮ ਕੀਤੇ ਜਾਣਗੇ, ਤਾਂ ਜੋ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ 14 ਜਨਵਰੀ ਨੂੰ ਮਾਘੀ ਵਾਲੇ ਦਿਨ ਛੋਟਾ ਘੱਲੂਘਾਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਸਮਾਗਮ ਕਰਵਾਇਆ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੱਖ ਮੰਤਵ ਜ਼ਿਲੇ ਗੁਰਦਾਸਪਰ ਦੀ ਸਫਲਤਾ, ਕਾਬਲੀਅਤ ਅਤੇ ਹੁਨਰ ਨੂੰ ਜ਼ਿਲਾ ਵਾਸੀਆਂ ਨਾਲ ਰੂਬਰੂ ਕਰਵਾਉਣਾ ਹੈ। ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨਾਂ ਵਿਚ ਜ਼ਿਲੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਉਨਾਂ ਦੱਸਿਆ ਕਿ 26 ਜਨਵਰੀ ਮਹੀਨੇ ਨੂੰ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਤਿ ਕੀਤੀ ਜਾਵੇਗੀ। ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵੈਬਸਾਈਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਾਰੇ ਅਚਵੀਰਜ਼ ਮੈਨਟਰ (Mentor) ਵਜੋਂ ਸ਼ਾਮਿਲ ਹੋਣਗੇ ਅਤੇ ਮੈਨਟਰਸ਼ਿਪ (Mentorship ) ਰਾਹੀਂ ਵਿਦਿਆਰਥੀਆਂ ਨੂੰ ਵੱਖ ਖੇਤਰਾਂ ਵਿਚ ਅੱਗੇ ਵਧਣ ਲਈ ਜਾਣਕਾਰੀ ਪ੍ਰਦਾਨ ਕਰਨਗੇ। ਇਸ ਮੌਕੇ ਵਿਦਿਆਰਥੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਵਲੋਂ ਸਾਰੇ ਅਚਵੀਰਜ਼ ਨੂੰ 5100-5100 ਰੁਪਏ ਦੇਣ ਦਾ ਐਲਾਨ ਵੀ ਕੀਤਾ।