ਰਾਜਪਾਲ ਵੱਲੋ ਪੰਜਾਬ ਸਰਕਾਰ ਤਲਬ , ਕਾਂਗਰਸ ਵੱਲੋ ਵਿਰੋਧ , ਭਾਜਪਾ ਵੱਲੋ ਕਾਂਗਰਸ ‘ਤੇ ਇਤਰਾਜ਼

ਚੰਡੀਗੜ੍ਹ , 1 ਜਨਵਰੀ ( P 2 P ): ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ‘ਤੇ ਸਖ਼ਤ ਹੈਰਾਨੀ ਪ੍ਰਗਟ ਕੀਤੀ ਹੈ , ਜਿਸ ਵਿਚ ਜਾਖੜ ਨੇ ਪੰਜਾਬ ਦੇ ਰਾਜਪਾਲ ਵੱਲੋ ਸੂਬੇ ਵਿਚ ਗਰਕ ਹੋ ਰਹੀ ਕਾਨੂੰਨ ਵਿਵੱਸਥਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਤਲਬ ਕਰਨ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਭਾਜਪਾ ਕੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿਚ ਜਨਤਕ ਸੇਵਾਵਾਂ ਅਤੇ ਵਪਾਰਿਕ ਸਰਗਰਮੀਆਂ ਵਿਚ ਰੁਕਾਵਟਾਂ ਉੰਨਾ ਲੋਕਾਂ ਲਈ ਖੇਡ ਬਣ ਗਿਆ ਹੈ , ਜਿਹੜੇ ਲੋਕ ਸੂਬੇ ਵਿਚ ਸੜਕ ਅਤੇ ਰੇਲ ਰੋਕੂ ਮਾਰੂ ਅਤੇ ਹਿੰਸਕ ਸਰਗਰਮੀਆਂ ਵਿਚ ਸ਼ਾਮਲ ਹਨ ਅਤੇ ਸੰਚਾਰ ਸੇਵਾਵਾਂ ਨੂੰ ਬਰਬਾਦ ਕਰ ਰਹੇ ਹਨ।

ਚੁੱਘ ਨੇ ਕਿਹਾ ਕਿ ਇਹ ਸਭ ਕਿਸਾਨ ਅੰਦੋਲਨ ਦੇ ਨਾਂਅ ਹੇਠ ਸਮਾਜ ਵਿਰੋਧੀ ਤੱਤਾਂ ਅਤੇ ਦੇਸ਼ ਵਿਰੋਧ ਤਾਕਤਾਂ ਵੱਲੋ ਕੀਤਾ ਜਾ ਰਿਹਾ ਹੈ ਅਤੇ ਅਮਰਿੰਦਰ ਸਿੰਘ ਸਰਕਾਰ ਅਜਿਹੇ ਤੱਤਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ ਅਤੇ ਅਜਿਹਾ ਪ੍ਰਭਾਵ ਬਣ ਰਿਹਾ ਹੈ ਜਿਵੇਂ ਸੂਬੇ ਵਿਚ ਚਲਾਈ ਜਾ ਰਹੇ ਹੁੜਦੰਗਬਾਜ਼ੀ ਕਾਂਗਰਸ ਦੇ ਹੀ ਇਸ਼ਾਰੇ ‘ਤੇ ਹੀ ਹੋ ਰਹੀ ਹੋਵੇ।

ਇਸਦੇ ਨਾਲ ਹੀ ਚੁੱਘ ਨੇ ਕਿਹਾ ਕਿ ਕਾਂਗਰਸ ਅੱਜ ਕਿਸ ਮੂੰਹ ਨਾਲ ਸੰਘਾਤਮਕ ਢਾਂਚੇ ਦੀ ਗੱਲ ਕਰ ਰਹੀ ਹੈ , ਉਸਨੂੰ ਤਾਂ ਇਹ ਗੱਲ ਕਰਨ ਦਾ ਅਧਿਕਾਰ ਵੀ ਨਹੀਂ ਹੈ ਕਿਉਂਕਿ ਅਤੀਤ ਵਿਚ ਕਾਂਗਰਸ ਨੇ ਹੀ ਆਪਣੀ ਮਨਮਰਜ਼ੀ ਨਾਲ ਸੂਬਾ ਸਰਕਾਰਾਂ ਨੂੰ ਭੰਗ ਕਰਕੇ ਸੰਘਾਤਮਕ ਢਾਂਚੇ ਨੂੰ ਲੀਰੋ -ਲੀਰ ਕਰਦੀ ਰਹੀ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨਮੰਤਰਿਆਂ ਵਿਚ ਚਾਹੇ ਉਹ ਇੰਦਰਾ ਗਾਂਧੀ ਸੀ ਜਾਂ ਫਿਰ ਰਾਜੀਵ ਗਾਂਧੀ ਸਨ , ਸਾਲ 1964 ਤੋਂ ਲੈ ਕੇ 2014 ਤਕ ਘੱਟੋਂ ਘੱਟ 41 ਵਾਰ ਰਾਤੋਂ -ਰਾਤ ਸੂਬਾ ਸਰਕਾਰ ਨੂੰ ਭੰਗ ਕੀਤਾ ਗਿਆ।

ਚੁੱਘ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਆਪਣੇ ਸੰਵੈਧਾਨਿਕ ਅਧਿਕਾਰਾਂ ਅਧੀਨ ਹੀ ਸੂਬੇ ਵਿਚ ਖਰਾਬ ਹੋ ਰਹੀ ਕਾਨੂੰਨ ਵਿਵਸਥਾਂ ਲਈ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਮੁਖੀ ਨੂੰ ਤਲਬ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਮਹੂਰੀਅਤ ਕਾਂਗਰਸ ਸਰਕਾਰ ਦੇ ਹੱਥਾਂ ਵਿਚ ਬੁਰੀ ਤਰ੍ਹਾਂ ਦਹਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਦੇ ਆਗੂਆਂ ‘ਤੇ ਵਾਰ ਵਾਰ ਹਮਲਾ ਕੀਤਾ ਜਾ ਰਿਹਾ ਹੈ। ਜਦਕਿ ਭਾਜਪਾ ਦੇ ਆਗੂਆਂ ਦੀ ਆਵਾਜ਼ ਨੂੰ ਰੋਕਣ ਲਈ ਭਾਜਪਾ ਦੇ ਦਫਤਰਾਂ ਵਿਚ ਅੱਗ ਲਾਈ ਗਈ। ਸ਼੍ਰੀ ਚੁੱਘ ਨੇ ਪ੍ਰਸ਼ਨ ਕੀਤਾ ਕਿ ਇਹੀ ਲੋਕਤੰਤਰ ਹੈ। ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਜਾਖੜ ਦੇ ਇਸ ਬਾਬਤ ਉਠਾਏ ਪ੍ਰਸ਼ਨ ‘ਤੇ ਮੁੜ ਤੋਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਇਸ ਗੱਲ ‘ਤੇ ਦਰਦ ਨਹੀਂ ਹੋਣਾ ਚਾਹੀਦਾ , ਜਦ ਰਾਜਪਾਲ ਆਪਣੇ ਸੰਵੈਧਾਨਿਕ ਦਾਇਰੇ ਅਧੀਨ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਜਾਖੜ ਨੂੰ ਸਲਾਹ ਦਿੱਤੀ ਕਿ ਉਹ ਖੁੱਦ ਅੱਗੇ ਵੱਧ ਕੇ ਰਾਜਪਾਲ ਨੂੰ ਇਸ ਸਬੰਧੀ ਅਪੀਲ ਕਰਨ ਤਾਂ ਬੇਹਤਰ ਹੋਵੇਗਾ।