ਮੈਰਿਜ ਪੈਲੇਸ, ਮਾਲਜ਼ ‘ਚ ਮਹੀਨੇ ਦੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ

ਲੁਧਿਆਣਾ, 13 ਜਨਵਰੀ: ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ ਅਧੀਨ ਸੌਂਪੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਗਾਏ ਹਨ।
ਉਨ੍ਹਾਂ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਵਿਆਹ ਸ਼ਾਦੀਆਂ ਅਤੇ ਖੁਸ਼ੀ ਤੇ ਸਮਾਗਮਾਂ ਦੌਰਾਨ ਸ਼ਰੇਆਮ ਸੜ੍ਹਕ ‘ਤੇ ਪਟਾਕੇ ਚਲਾਉਣ, ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਿਸ ਨਾਲ ਸੜ੍ਹਕ ‘ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ਅਤੇ ਆਮ ਜਨਤਾ ਨੂੰ ਮਸ਼ਕਿਲ ਪੇਸ਼ ਆਉਂਦੀ ਹੋਵੇ ‘ਤੇ ਪਾਬੰਦੀ ਲਗਾਈ ਜਾਂਦੀ ਹੈ।
ਜਾਰੀ ਹੁਕਮਾਂ ਵਿੱਚ ਅਗਰਵਾਲ ਨੇ ਦੱਸਿਆ ਕਿ ਕਮਿਸ਼ਨਰੇਟ ਲੁਧਿਆਣਾ ਦੀਆਂ ਵੱਖ-ਵੱਖ ਸੜ੍ਹਕਾਂ ‘ਤੇ ਜੋ ਮੈਰਿਜ ਪੈਲੇਸ ਸਥਿਤ ਹਨ, ਉਨ੍ਹਾਂ ਵਿਚ ਆਮ ਜਨਤਾ ਵੱਲੋਂ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਂਦੇ ਹਨ, ਬੈਂਡ ਬਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿਨ੍ਹਾਂ ‘ਤੇ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜ੍ਹਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ਼ ਪੈਲੇਸ ਦੇ ਬਾਹਰ ਗੱਡੀਆਂ ਪਾਰਕ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸੜ੍ਹਕ ਦਾ ਕਾਫੀ ਹਿੱਸਾ ਰੁੱਕ ਜਾਂਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਜ਼ਿਆਦਾ ਆਵਾਜਾਈ ਹੋਣ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਨੂੰ ਮੁੱਖ ਰੱਖਦੇ ਹੋਏ ਇਸ ਪ੍ਰਕਿਰਿਆ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਭਾਰੀ ਵਾਹਨਾਂ ਦੀ ਸ਼ਹਿਰ ਵਿਚ ਦਾਖ਼ਲੇ ਨਾਲ ਆਮ ਜਨਤਾ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੇ ਖੇਤਰ ਵਿੱਚ ਸਵੇਰੇ 8:00 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਭਾਰੀ ਵਾਹਨਾਂ (ਹੈਵੀ ਕਮਰਸ਼ੀਅਲ ਵਹੀਕਲਜ਼) ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਰਮਿਆਨੇ (ਮੀਡੀਅਮ) ਅਤੇ ਛੋਟੇ (ਲਾਈਟ ਵਹੀਕਲਜ਼ ਕਮਰਸ਼ੀਅਲ) ਨੂੰ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਹੈ।
ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਰਾਤ ਸਮੇਂ ਕਾਫੀ ਦੇਰ ਤੱਕ ਹੋਟਲ, ਰੈਸਟੋਰੈਟ/ਢਾਬੇ, ਸ਼ਰਾਬ ਦੀਆਂ ਦੁਕਾਨਾਂ ਆਦਿ ਖੁਲੇ ਰਹਿੰਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋੋ ਗੈਰ ਕਾਨੂੰਨੀ ਧੰਦੇ ਕੀਤੇ ਜਾਦੇ ਹਨ, ਕਈ ਵਾਰੀ ਸ਼ਰਾਰਤੀ ਅਨਸਰਾਂ ਵਲੋੋ ਇਹਨਾਂ ਹੋਟਲ/ਢਾਬਿਆ, ਸ਼ਰਾਬ ਦੀਆ ਦੁਕਾਨਾਂ ‘ਤੇ ਹੁਲੜਬਾਜੀ ਕੀਤੀ ਜਾਦੀ ਹੈ। ਜਿਸ ਨਾਲ ਆਮ ਜਨਤਾ ਵਿਚ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ ਅਤੇ ਅਮਨ ਕਾਨੂੰਨ ਵਿਵਸਥਾ ਨੂੰ ਵੀ ਠੇਸ ਪਹੁੰਚਦੀ ਹੈ। ਇਸ ਲਈ ਪੁਲਿਸ ਕਮਿਸ਼ਨਰ ਵੱਲੋਂ ਰਾਤ ਦੇ ਸਮੇ ਹੋਟਲ/ਢਾਬਿਆਂ ਅਤੇ ਸ਼ਰਾਬ ਦੀਆ ਦੁਕਾਨਾਂ ‘ਤੇ ਅਜਿਹੀਆਂ ਗੈਰ-ਕਾਨੂੰਨੀ ਘਟਨਾਵਾ ਨੂੰ ਰੋਕਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਟ/ਢਾਬੇ 11:30 ਪੀ.ਐਮ. ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11:00 ਪੀ.ਐਮ. ਤੋ ਬਾਅਦ ਖੁੱਲੇ ਰਹਿਣ ‘ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਹੈ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਬਿਨ੍ਹਾਂ ਇਜਾਜਤ ਲਏ ਮੈਰਿਜ ਪੈਲੇਸ, ਧਾਰਮਿਕ ਸਥਾਨ, ਧਰਨੇ, ਜਲੂਸ, ਧਾਰਮਿਕ ਪ੍ਰੋਗਰਾਮ ਦੌਰਾਨ ਉਚੀ ਅਵਾਜ ਵਿੱਚ ਲਾਊਡ ਸਪੀਕਰ ਲਗਾਉਣ ‘ਤੇ ਨੋਇਸ ਪੋਲਿਊਸ਼ਨ(ਰੈਗੂਲੇਸ਼ਨ ਅਤੇ ਕੰਟਰੋਲ ਰੂਲ 2002) ਦੀ ਉਲੰਘਣਾ ਕਰਨ ਅਤੇ ਪੈਰਾਮੀਟਰ ਤੋਂ ਵੱਧ ਅਵਾਜ ਕਰਨ ‘ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਨੋਇਸ ਪੋਲਿਊਸ਼ਨ(ਰੈਗੂਲੇਸ਼ਨ ਅਤੇ ਕੰਟਰੋਲ ਰੂਲ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ, ਮਾਨਯੋਗ ਅਦਾਲਤਾਂ ਦੇ 100 ਮੀਟਰ ਦੇ ਏਰੀਆ ਨੂੰ ਸਾਇਲੈਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਏਰੀਏ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।
ਪੁਲਿਸ ਕਮਿਸ਼ਨਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪੈਟਰੋਲ ਪੰਪ, ਐੱਲ.ਪੀ.ਜੀ. ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫ਼ਤਰਾਂ ਵਿੱਚ ਇੱਕ ਮਹੀਨੇ ਦੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਅਦਾਰਿਆਂ ਤੋਂ ਅਕਸਰ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਹਿੱਤ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਹ ਹੁਕਮ ਜਾਰੀ ਹੋਣ ਤੋਂ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।