ਮਹਿਲਾ ਸ਼ਸ਼ਕਤੀਕਰਨ ਤਹਿਤ ਨਵੀ ਪਹਿਲ , ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦੀ ਮਜਬੂਤੀ ਕਰ ਰਹੀ ਹੈ ਰੇਖਾ।

ਹੁਸ਼ਿਆਰਪੁਰ, 19 ਫਰਵਰੀ ( ਪੀ 2 ਪੀ ):
ਹਿਮਾਚਲ ਪ੍ਰਦੇਸ਼ ਦੀ ਧੀ ਰੇਖਾ ਠਾਕੁਰ ਨੇ ਪੰਜਾਬ ਨੂੰ ਆਪਣੀ ਕਰਮ ਭੂਮੀ ਬਣਾਉਂਦਿਆਂ ਇਕ ਨਿਵੇਕਲੀ ਪਹਿਲ ਕੀਤੀ ਹੈ। 30 ਸਾਲਾ ਰੇਖਾ ਵਲੋਂ ਤਲਵਾੜਾ ਵਿਖੇ ਆਟੋ ਰਿਕਸ਼ਾ ਚਲਾਇਆ ਜਾ ਰਿਹਾ ਹੈ ਅਤੇ ਅੱਜ ਸਖਤ ਮਿਹਨਤ ਨਾਲ ਇਸ ਨੇ ਇਕ ਹੋਰ ਭਾਰ ਢੋਹਣ ਵਾਲੀ ਗੱਡੀ ਵੀ ਖਰੀਦ ਲਈ ਹੈ। ਮਹਿਲਾ ਸਸ਼ਕਤੀਕਰਨ ਨੂੰ ਬੜਾਵਾ ਦਿੰਦਾ ਇਹ ਮਿਸਾਲੀ ਕਦਮ ਸਾਬਤ ਕਰਦਾ ਹੈ ਕਿ ਕਿਸੇ ਵੀ ਕੰਮ ਲਈ ਮਹਿਲਾਵਾਂ ਪੁਰਸ਼ਾਂ ਤੋਂ ਘੱਟ ਨਹੀਂ ਹਨ। 24 ਸਾਲ ਦੀ ਉਮਰ ਤੋਂ ਹੀ ਆਟੋ ਰਿਕਸ਼ਾ ਚਲਾ ਰਹੀ ਰੇਖਾ ਨੇ ਜਿਥੇ ਪਿਤਾ ਨੂੰ ਆਪਣੀ ਮਿਹਨਤ ਨਾਲ ਪੁੱਤਰ ਹੋਣ ਦਾ ਮਾਣ ਮਹਿਸੂਸ ਕਰਵਾਇਆ, ਉਥੇ 25 ਸਾਲ ਦੀ ਉਮਰ ਵਿੱਚ ਪਤੀ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਕੰਮ ਨੂੰ ਜਾਰੀ ਰੱਖਿਆ। ਪੇਕੇ ਰਹਿੰਦੇ ਆਪਣੀਆਂ ਦੋ ਛੋਟੀਆਂ ਭੈਣਾਂ ਦੇ ਵਿਆਹ ਦਾ ਖਰਚਾ ਵੀ ਆਪ ਚੁੱਕਿਆ ਅਤੇ ਸਭ ਤੋਂ ਛੋਟੇ ਭਰਾ ਦੇ ਸਿਰ ‘ਤੇ ਵੀ ਹੱਥ ਰੱਖਿਆ। ਹੁਣ ਰੇਖਾ ਠਾਕੁਰ ਜਿਥੇ ਪ੍ਰਾਈਵੇਟ ਨੌਕਰੀ ਕਰ ਰਹੇ ਆਪਣੇ ਪਤੀ ਨਾਲ ਪਰਿਵਾਰ ਚਲਾ ਰਹੀ ਹੈ, ਉਥੇ ਲੋੜ ਪੈਣ ‘ਤੇ ਆਪਣੇ ਛੋਟੇ ਭਰਾ ਦੀ ਪੜ•ਾਈ ਦਾ ਖਰਚਾ ਵੀ ਚੁੱਕ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਰੇਖਾ ਵਲੋਂ ਕੀਤੇ ਜਾ ਰਹੇ ਨਿਵੇਕਲੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੇਖਾ ਵਰਗੀਆਂ ਮਹਿਲਾਵਾਂ ਹੀ ਅਸਲ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਬੜਾਵਾ ਦਿੰਦੀਆਂ ਹਨ। ਉਨ•ਾਂ ਕਿਹਾ ਕਿ ਰੇਖਾ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਕੰਮ ਛੋਟਾ, ਵੱਡਾ ਜਾਂ ਮੁਸ਼ਕਲ ਨਹੀਂ ਹੁੰਦਾ। ਮਹਿਲਾਵਾਂ ਜੇਕਰ ਚਾਹੁਣ ਤਾਂ ਹਰ ਕੰਮ ਨੂੰ ਨਿਪੁੰਨਤਾ ਨਾਲ ਕਰ ਸਕਦੀਆਂ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਵੀ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਈ-ਰਿਕਸ਼ਾ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਲਈ ਉਨ•ਾਂ ਨੂੰ ਮੁਫਤ ਡਰਾਈਵਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ‘ਬੇਟੀ ਬਚਾਓ-ਬੇਟੀ ਪੜ•ਾਓ’ ਮੁਹਿੰਮ ਤਹਿਤ ਲੜਕੀਆਂ ਅਤੇ ਮਹਿਲਾਵਾਂ ਨੂੰ ਨਿਪੁੰਨ ਕਰਨ ਲਈ ਮੁਫ਼ਤ ਡਰਾਈਵਿੰਗ ਕਲਾਸਾਂ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਪਿੰਡ ਟੈਰੇਸ ਦੀ ਵਸਨੀਕ ਰੇਖਾ ਠਾਕੁਰ ਨੇ ਦੱਸਿਆ ਕਿ ਘਰ ਦੀ ਗਰੀਬੀ ਨੂੰ ਖਤਮ ਕਰਨ ਲਈ ਜਦੋਂ ਉਸ ਨੇ ਆਪਣੇ ਪਿਤਾ ਨਾਲ ਆਪਣਾ ਹੀ ਕਾਰੋਬਾਰ ਕਰਨ ਲਈ ਆਟੋ ਰਿਕਸ਼ਾ ਚਲਾਉਣ ਦੀ ਗੱਲ ਕੀਤੀ, ਤਾਂ ਉਨ•ਾਂ ਦੇ ਪਿਤਾ ਨੇ 2014 ਵਿੱਚ ਇਕ ਆਟੋ ਰਿਕਸ਼ਾ ਖਰੀਦ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ, ਤਾਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਆਮ ਜਨਤਾ ਵਿੱਚ ਇਹ ਸੋਚ ਸੀ ਕਿ ਇਹ ਕੰਮ ਸਿਰਫ਼ ਪੁਰਸ਼ਾਂ ਦਾ ਹੈ, ਪਰੰਤੂ ਉਸ ਨੇ ਹਰ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ। ਰੇਖਾ ਨੇ ਆਪਣੇ ਜਜ਼ਬੇ ਤੇ ਜਨੂਨ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸੰਭਾਲਿਆ, ਸਗੋਂ ਆਪਣੀਆਂ ਦੋ ਛੋਟੀਆਂ ਭੈਣਾਂ ਦਾ ਵਿਆਹ ਵੀ ਕੀਤਾ ਅਤੇ ਆਪਣੇ ਛੋਟੇ ਭਰਾ ਦੀ ਵੀ ਸਮੇਂ-ਸਮੇਂ ‘ਤੇ ਮਦਦ ਕਰ ਰਹੀ ਹੈ।
ਰੇਖਾ ਨੇ ਸਾਲ 2015 ਵਿੱਚ ਵਿਆਹ ਕਰਵਾਇਆ ਅਤੇ ਵਿਆਹ ਕਰਵਾਉਣ ਸਮੇਂ ਪ੍ਰਾਈਵੇਟ ਨੌਕਰੀ ਕਰ ਰਹੇ ਆਪਣੇ ਪਤੀ ਨੂੰ ਰਿਕਸ਼ਾ ਅਤੇ ਭਾਰ ਢੋਹਣ ਵਾਲੀ ਗੱਡੀ ਚਲਾਉਣ ਦੇ ਕੰਮ ਨੂੰ ਜਾਰੀ ਰੱਖਣ ਦੀ ਗੱਲ ਕਹੀ, ਜਿਸ ‘ਤੇ ਪਤੀ ਨੇ ਵੀ ਉਸ ਦਾ ਸਾਥ ਦਿੱਤਾ। ਰੇਖਾ ਨੇ ਦੱਸਿਆ ਕਿ ਹੁਣ ਉਸ ਦੀ ਇਕ ਸਾਲ ਦੀ ਬੇਟੀ ਹੈ ਅਤੇ ਬੇਟੀ ਸਮੇਤ ਛੋਟੇ ਭਰਾ ਨੂੰ ਅਫ਼ਸਰ ਬਣਾਉਣਾ ਹੀ ਉਸ ਦਾ ਇਕੋ-ਇਕ ਨਿਸ਼ਾਨਾ ਹੈ।