ਭਾਜਪਾ ਆਗੂਆਂ ਦੇ ਘਰਾਂ ਬਾਹਰ ਕਿਸਾਨ 7 ਜਨਵਰੀ ਨੂੰ ਲਾਉਣਗੇ ਗੋਹੇ ਦੇ ਢੇਰ

ਜਲੰਧਰ , 3 ਜਨਵਰੀ :
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਬਾਹਰ ਗੋਬਰ ਦੀ ਟਰਾਲੀ ਸੁੱਟਣ ਵਾਲੇ ਕਿਸਾਨਾਂ ‘ਤੇ ਦਰਜ ਕੀਤੀ ਗਈ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਐਤਵਾਰ ਨੂੰ ਪੰਜਾਬ ਪ੍ਰੈੱਸ ਕਲੱਬ ‘ਚ ਯੂਨੀਅਨ ਦੇ ਆਗੂਆਂ ਨੇ ਅਜਿਹਾ ਨਾ ਕਰਨ ‘ਤੇ ਸੱਤ ਜਨਵਰੀ ਨੂੰ ਜਲੰਧਰ ‘ਚ ਰੋਡ ਜਾਮ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਮੁਖੀ ਕੁਲਵੰਤ ਸਿੰਘ ਸਰਪੰਚ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸਾਰੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਗੋਬਰ ਦੀ ਟਰਾਲੀਆਂ ਸੁੱਟੀਆਂ ਜਾਣਗੀਆਂ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨਾਂ ਵੱਲੋਂ ਦਿੱਲੀ ‘ਚ ਜਾਰੀ ਅੰਦੋਲਨ ਨੂੰ ਸ਼ਨਿਚਰਵਾਰ ਨੂੰ ਹੁਸ਼ਿਆਰਪੁਰ ‘ਚ ਸਾਬਕਾ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਕਥਿਤ ਤੌਰ ‘ਤੇ ਦਲ ਖਾਲਸਾ ਦੇ ਮੈਂਬਰਾਂ ਨੇ ਟਰੈਕਟਰ ਟਰਾਲੀ ‘ਚ ਲੈ ਜਾ ਕੇ ਗੋਬਰ ਸੁੱਟਿਆ ਸੀ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦਾ ਕਿਸਾਨ ਸੰਗਠਨ ਵਿਆਪਕ ਪੱਧਰ ‘ਤੇ ਵਿਰੋਧ ਕਰ ਰਹੇ ਹਨ। ਐਤਵਾਰ ਨੂੰ ਪੱਤਰਕਾਰ ਨਾਲ ਗੱਲਬਾਤ ‘ਚ ਭਾਰਤੀ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ 7 ਜਨਵਰੀ ਨੂੰ ਜਲੰਧਰ ਚ ਰੋਡ ਜਾਮ ਕਰਨ ਦੇ ਨਾਲ-ਨਾਲ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਗੋਬਰ ਦੀ ਟਰਾਲੀਆਂ ਸੁੱਟਣਗੇ।