ਬਲਾਤਕਾਰੀ,ਬ੍ਲੈਕ ਮੈਲਰ ਸਾਬਕਾ ਡੀ ਆਈ ਜੀ ਨੂੰ 8 ਸਾਲ ਦੀ ਅਤੇ ਡੀ ਐਸ ਪੀ ਨੂੰ 4 ਸਾਲ ਦੀ ਸਜਾ

ਅੰਮ੍ਰਿਤਸਰ , 19 ਫਰਵਰੀ ( ਪੀ 2 ਪੀ ): ਅੰਮ੍ਰਿਤਸਰ ਸਮੂਹਿਕ ਆਤਮ ਹੱਤਿਆ ਮਾਮਲੇ ਦੇ ਦੋਸ਼ੀਆਂ ਨੂੰ ਅੱਜ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਸਾਲ 2005 ਵਿੱਚ ਚੌਕਮਨੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਪਤਨੀ ,ਪੁੱਤਰ ,ਪੁੱਤਰੀ ਅਤੇ ਮਾਂ ਸਮੇਤ ਆਤਮ ਹੱਤਿਆ ਕਰਨ ਦੇ ਮਾਮਲੇ ‘ਚ ਸੇਵਾ–ਮੁਕਤ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਅਤੇ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ।ਆਤਮ ਹੱਤਿਆ ਕਰਨ ਵਾਲੇ ਪਰਿਵਾਰ ਨੇ ਇਸ ਦਾ ਕਾਰਨ ਘਰ ਦੀਆਂ ਕੰਧਾਂ ‘ਤੇ ਲਿਖਿਆ ਸੀ। ਉਨ੍ਹਾਂ ਨੇ ਇਸ ਦੇ ਪਿੱਛੇ ਤਤਕਾਲੀ ਐੱਸਐੱਸਪੀ ਕੁਲਤਾਰ ਸਿੰਘ ਸਮੇਤ ਆਪਣੇ ਚਾਰ ਰਿਸ਼ਤੇਦਾਰਾਂ ਸਬਰੀਨ ,ਪ੍ਰਮਿੰਦਰ ਕੌਰ ,ਮਹਿੰਦਰ ਅਤੇ ਬਲਵਿੰਦਰ ਪਾਲ ਸਿੰਘ ਨੂੰ ਦੋਸ਼ੀ ਦੱਸਿਆ ਸੀ। ਇਸ ਮਾਮਲੇ ਦੀ ਜਾਂਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕੀਤੀ ਗਈ ਸੀ। ਦੋ ਦਿਨ ਪਹਿਲਾਂ ਹੀ ਅਦਾਲਤ ਨੇ ਇਸ ਮਾਮਲੇ ਵਿੱਚ ਤਤਕਾਲੀ ਐਸਐਸਪੀ ਅਤੇ ਡੀਆਈਜੀ ਦੇ ਤੌਰ ਤੇ ਰਿਟਾਇਰ ਹੋਏ ਕੁਲਤਾਰ ਸਿੰਘ ,ਡੀਐੱਸਪੀ ਹਰਦੇਵ ਸਿੰਘ ਸਮੇਤ ਛੇ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ।ਅਦਾਲਤੀ ਹੁਕਮ ਤੋਂ ਬਾਅਦ ਸਾਰੇ ਦੋਸ਼ੀ 17 ਫ਼ਰਵਰੀ ਤੋਂ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਸਨ।
ਪਰਿਵਾਰ ਸਮੇਤ ਆਤਮ ਹੱਤਿਆ ਕਰਨ ਵਾਲੇ ਮ੍ਰਿਤਕ ‘ਤੇ ਆਪਣੇ ਪਿਤਾ ਦੇ ਕਤਲ ਦਾ ਦੋਸ਼ ਸੀ। ਦੋਸ਼ ਸੀ ਕਿ ਉਸ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਇਸ ਗੱਲ ਦੀ ਭਿਣਕ ਉਸ ਵਿਅਕਤੀ ਦੇ ਨਾਲ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਲੱਗ ਗਈ ਸੀ। ਪੁਲੀਸ ਨੇ ਨਹਿਰ ਦੇ ਨਜ਼ਦੀਕ ਲਾਸ਼ ਬਰਾਮਦ ਕੀਤੀ ਸੀ ਅਤੇ ਉਸ ਦੀ ਸ਼ਨਾਖਤ ਵੀ ਕੀਤੀ ਗਈ ਸੀ। ਪਰਿਵਾਰ ਦੇ ਮੁਖੀ ਨੇ ਪੁਲਿਸ ਪੁੱਛਗਿੱਛ ਦੌਰਾਨ ਕਤਲ ਕਰਨ ਦੀ ਗੱਲ ਕਬੂਲ ਲਈ ਸੀ। ਪਰ ਇਸ ਮਾਮਲੇ ਵਿੱਚ ਤਤਕਾਲੀ ਐੱਸਐੱਸਪੀ ਨੇ ਦੋਸ਼ੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਸ਼ ਹੈ ਕਿ ਕਤਲ ਦੇ ਦੋਸ਼ੀ ਤੋਂ ਦਸ ਲੱਖ ਰੁਪਏ ਵਸੂਲੇ ਗਏ। ਦਸ ਲੱਖ ਰੁਪਏ ਰਿਸ਼ਵਤ ਦੇਣ ਤੋਂ ਬਾਅਦ ਵੀ ਦੋਸ਼ੀ ਦੀ ਜ਼ਿੰਦਗੀ ਸੌਖੀ ਨਹੀਂ ਹੋਈ। ਉਸ ਦਾ ਦੋਸ਼ ਸੀ ਕਿ ਇੱਕ ਦਿਨ ਐੱਸਐੱਸਪੀ ਨੇ ਉਸ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਅਤੇ ਉਸਦੇ ਪਿੱਛੋਂ ਉਸਦੀ ਘਰਵਾਲੀ ਨੂੰ ਦਫ਼ਤਰ ਵਿੱਚ ਬੁਲਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪਤੀ ਦੇ ਆਉਣ ਤੋਂ ਬਾਅਦ ਪਤਨੀ ਨੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ। ਇਸੇ ਗੱਲ ਤੋਂ ਦੁਖੀ ਹੋ ਕੇ ਪਰਿਵਾਰ ਨੇ ਇਕੱਠੇ ਆਤਮ ਹੱਤਿਆ ਕਰਨ ਦਾ ਫੈਸਲਾ ਲਿਆ ਸੀ ।ਪਰਿਵਾਰ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਉਸ ਦਾ ਕਾਰਣ ਕੰਧਾਂ ‘ਤੇ ਲਿਖ ਦਿੱਤਾ ਗਿਆ ਸੀ। ਪਰ ਪੁਲੀਸ ਥਾਣਾ ਕੋਤਵਾਲੀ ਵਿੱਚ ਤਤਕਾਲੀ ਇੰਸਪੈਕਟਰ ਅਤੇ ਮੌਜੂਦਾ ਸਮੇਂ ਡੀਐੱਸਪੀ ਦੇ ਅਹੁਦੇ ਤੇ ਤੈਨਾਤ ਹਰਦੇਵ ਸਿੰਘ ਤੇ ਦੋਸ਼ ਸੀ ਕਿ ਉਸ ਨੇ ਐਸਐਸਪੀ ਕੁਲਤਾਰ ਸਿੰਘ ਦੀਆਂ ਹਦਾਇਤਾਂ ਤੇ ਆਤਮ ਹੱਤਿਆ ਦੇ ਸਬੂਤ ਨਸ਼ਟ ਕਰਨ ਲਈ ਕੰਧਾਂ ਨੂੰ ਸਾਫ ਕਰਵਾਉਣ ਦੀ ਸਾਜ਼ਿਸ਼ ਰਚੀ ਸੀ ।ਇਸ ਸਮੂਹਿਕ ਆਤਮ ਹੱਤਿਆ ਕਾਂਡ ਤੋਂ ਬਾਅਦ ਜਾਂਚ ਬੈਠੀ ਜਸਟਿਸ( ਰਿਟਾਇਰਡ) ਅਜੀਤ ਸਿੰਘ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਅਤੇ ਤਹਿ ਤੱਕ ਪਹੁੰਚੇ ।