ਪੰਜਾਬ ਦੀ ਲੋਹਾ ਮੰਡੀ ਗੋਬਿੰਦਗੜ੍ਹ ਨੂੰ ਗਰੀਨ ਸਿਟੀ ਬਣਾਉਣ ਲਈ ਕਮੇਟੀਆਂ ਗਠਿਤ।

ਚੰਡੀਗੜ੍ਹ, 11 ਦਸੰਬਰ ( ਪੀ 2 ਪੀ ) :

   ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ, ਪੰਜਾਬ ਨੇ ਮੰਡੀ ਗੋਬਿੰਦਗੜ੍ਹ ਕਸਬੇ ਵਿੱਚ ਹਰਿਆਲੀ ਵਧਾਉਣ ਅਤੇ ਧੂੜ-ਮਿੱਟੀ ਨੂੰ ਰੋਕਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦੋ ਕਮੇਟੀਆਂ ਗਠਿਤ ਕੀਤੀਆਂ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ . ਕਾਹਨ ਸਿੰਘ ਪੰਨੂੰ ਨੇ ਦਿੱਤੀ।

   ਇਸ ਸਬੰਧੀ ਵੇਰਵੇ ਦਿੰਦਿਆਂ  ਪੰਨੂੰ ਨੇ ਦੱਸਿਆ ਕਿ ਹਵਾ ਪ੍ਰਦੂਸਣ ਦੇ ਸਰੋਤਾਂ ਅਤੇ ਇਸ ਨੂੰ ਨਿਯੰਤਰਣ ਕਰਨ ਲਈ ਲੋੜੀਂਦੇ ਉਪਰਾਲਿਆਂ ਦੀ ਪਛਾਣ ਕਰਨ ਲਈ ਮੰਡੀ ਗੋਬਿੰਦਗੜ੍ਹ ਖੇਤਰ ਦੇ ਸਾਰੇ ਭਾਈਵਾਲਾਂ/ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਚਾਰ ਵਟਾਂਦਰੇ ਉਪਰੰਤ ਇਹ ਤੱਥ ਸਾਹਮਣੇ ਆਇਆ ਕਿ ਮੰਡੀ ਗੋਬਿੰਦਗੜ੍ਹ ਖੇਤਰ ਦੇ ਹਵਾ ਪ੍ਰਦੂਸਣ ਦਾ ਇੱਕ ਪ੍ਰਮੁੱਖ ਕਾਰਣ ਸੜਕ ਦੀ ਧੂੜ ਹੈ। ਅੰਦਰੂਨੀ ਸੜਕਾਂ ਦੀ ਮਾੜੀ ਹਾਲਤ ਅਤੇ ਕੱਚੇ ਰਸਤਿਆਂ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਧੂੜ ਪੈਦਾ ਹੁੰਦੀ ਹੈ। ਇਸ ਲਈ, ਇਹ ਫੈਸਲਾ ਲਿਆ ਗਿਆ ਕਿ ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਅਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਮੰਡੀ ਗੋਬਿੰਦਗੜ੍ਹ ਖੇਤਰ ਵਿੱਚ ਧੂੜ ਵਾਲੇ ਸਾਰੇ ਸਥਾਨਾਂ ਦੀ ਮੈਪਿੰਗ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਧੂੜ ਨੂੰ ਨਿਯੰਤਰਿਤ ਕਰਨ ਲਈ ਲੋੜੀਂਦਾ ਕੰਮ ਸਬੰਧਤ ਵਿਭਾਗਾਂ ਦੁਆਰਾ ਸਮਾਂਬੱਧ ਢੰਗ ਨਾਲ ਕੀਤਾ ਜਾਵੇ। ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਕਸਬੇ ਵਿੱਚ ਧੂੜ ਵਾਲੀਆਂ ਸਾਰੀਆਂ ਥਾਵਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਦੀ ਨਕਸ਼ੇ 'ਤੇ ਨਿਸ਼ਾਨਦੇਹੀ ਕਰੇਗੀ ਅਤੇ ਸਮਾਂਬੱਧ ਢੰਗ ਨਾਲ ਧੂੜ ਵਾਲੀਆਂ ਥਾਵਾਂ ਦੀ ਮੁਰੰਮਤ ਕਰਨ ਲਈ ਕਾਰਜ ਯੋਜਨਾ ਸੌਂਪੇਗੀ।

   ਇਸ ਤੋਂ ਇਲਾਵਾ, ਮੀਟਿੰਗ ਵਿੱਚ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਗਈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਮੰਡੀ ਗੋਬਿੰਦਗੜ੍ਹ 'ਚ ਹਰਿਆਲੀ ਨੂੰ ਵਧਾਇਆ ਜਾ ਸਕਦਾ ਹੈ ਕਿਉਂਕਿ ਉਦਯੋਗਾਂ ਅਤੇ ਹੋਰ ਜਨਤਕ ਥਾਵਾਂ 'ਤੇ ਬੂਟੇ ਲਗਾਉਣ ਲਈ ਢੁੱਕਵਾਂ ਖਾਲੀ ਖੇਤਰ ਉਪਲਬਧ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਕਿ ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਅਤੇ ਜੰਗਲਾਤ ਵਿਭਾਗ ਕਸਬੇ ਵਿਚ ਰੁੱਖਆਰੋਪਣ ਲਈ ਉਪਲਬਧ ਥਾਵਾਂ ਦੀ ਮੈਪਿੰਗ ਕਰੇਗਾ ਤਾਂ ਜੋ ਮੰਡੀ ਗੋਬਿੰਦਗੜ੍ਹ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਕ ਹੋਰ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਮੰਡੀ ਗੋਬਿੰਦਗੜ੍ਹ ਖੇਤਰ ਵਿਚ ਬੂਟੇ ਲਗਾਉਣ ਲਈ ਉਪਲਬਧ ਸਾਰੀਆਂ ਖਾਲੀ ਥਾਵਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਦੀ ਨਕਸ਼ੇ 'ਤੇ ਨਿਸ਼ਾਨਦੇਹੀ ਕਰਕੇ ਕਾਰਜ ਯੋਜਨਾ ਸੌਂਪੇਗੀ।