ਪ੍ਰੈਸ ਕਲੱਬ ਮੋਹਾਲੀ ਅਤੇ ਪ੍ਰੈਸ ਕਲੱਬ ਚੰਡੀਗੜ੍ਹ ਤੋਂ ਮਿਲਣਗੇ ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ

ਚੰਡੀਗੜ੍ਹ/ਐਸ.ਏ.ਐਸ. ਨਗਰ, 11 ਦਸੰਬਰ –

ਪੰਜਾਬ ਸਰਕਾਰ ਵਲੋਂ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ 90.43 ਕਰੋੜ ਰੁਪਏ ਦੀ ਲਾਗਤ ਨਾਲ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ (ਏ.ਬੀ.-ਐਸ.ਐੱਸ.ਬੀ.ਵਾਈ) ਤਹਿਤ 82,150 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਸੂਬਾ ਸਿਹਤ ਏਜੰਸੀ ਦੇ ਕਮੇਟੀ ਰੂਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਸਿਹਤ ਬੀਮਾ ਸਕੀਮ ਤਹਿਤ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਸਿਹਤ ਬੀਮਾ ਸਕੀਮ ਦਾ ਲਾਭ ਪਹੁੰਚਾਉਣ ਲਈ ਕਰੀਬ 38.55 ਲੱਖ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਾਰਡ ਬਣਾਉਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਅਗਸਤ ਤੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਸਫ਼ਲਤਾਪੂਰਵਕ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਲੋਕਾਂ ਲਈ ਬਿਨਾਂ ਕਿਸੇ ਖ਼ਰਚੇ ਤੋਂ ਮਿਆਰੀ ਸਿਹਤ ਸੰਭਾਲ ਦਾ ਲਾਭ ਲੈਣਾ ਸੰਭਵ ਹੋਇਆ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਦੀਆਂ ਬਰੂਹਾਂ ‘ਤੇ ਦੂਜੇ ਅਤੇ ਮਲਟੀ-ਸਪੈਸ਼ਲਿਸਟ ਹਸਪਤਾਲਾਂ ਵਿਖੇ ਮਿਲਣ ਵਾਲੀਆਂ ਸਰਜਰੀ ਤੇ ਅਪ੍ਰੇਸ਼ਨ ਵਰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ 639 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ ਅਜਿਹੇ ਹੋਰ ਹਸਪਤਾਲਾਂ ਨੂੰ ਸੂਚੀਬੱਧ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਰਜਰੀ ਤੇ ਅਪ੍ਰੇਸ਼ਨ ਵਰਗੀਆਂ ਸਿਹਤ ਸੇਵਾਵਾਂ ਤਹਿਤ ਹੁਣ ਤੱਕ 1291 ਮਰੀਜ਼ਾਂ ਦੇ ਗੋਡੇ ਤੇ ਕੂਲੇ ਬਦਲੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1474 ਮਰੀਜ਼ਾਂ ਦੇ ਦਿਲ ਦੇ ਅਪ੍ਰਰੇਸ਼ਨ ਅਤੇ 1145 ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

ਬਲਬੀਰ ਸਿੰਘ ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਲੋਕ-ਪੱਖੀ ਸਿਹਤ ਬੀਮਾ ਸਕੀਮ ਦਾ ਲਾਭ ਸੂਬੇ ਦੇ ਰਹਿੰਦੇ ਵਸਨੀਕਾਂ ਤੱਕ ਪਹੁੰਚਾਉਣ ਅਤੇ ਬਾਕੀ ਪਰਿਵਾਰਾਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਸਬੰਧੀ ਤਜਵੀਜ਼ ‘ਤੇ ਕੰਮ ਕਰ ਰਹੀ ਹੈ। ਇਸ ਨਾਲ, ਪੰਜਾਬ ਦੇਸ ਦੇ ਉਨ੍ਹਾਂ ਸੂਬਿਆਂ ਵਿਚੋਂ ਸ਼ੁਮਾਰ ਹੋ ਜਾਵੇਗਾ, ਜਿਥੇ ਹਰ ਵਿਅਕਤੀ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਪੱਤਰਕਾਰ ਆਪਣੇ ਈ-ਕਾਰਡ 13 ਦਸੰਬਰ ਤੋਂ ਚੰਡੀਗੜ੍ਹ ਪ੍ਰੈੱਸ ਕਲੱਬ, ਸੈਕਟਰ-27 ਅਤੇ ਪ੍ਰੈੱਸ ਕਲੱਬ, ਮੁਹਾਲੀ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰਕਿਰਿਆ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਵੱਲੋਂ ਨੇਪਰੇ ਚਾੜ੍ਹੀ ਜਾਵੇਗੀ। ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਉਹ ਜ਼ਿਲ੍ਹਿਆਂ ਦੇ ਸੂਚੀਬੱਧ ਹਸਪਤਾਲ ਜਾਂ ਜ਼ਿਲ੍ਹਾ ਹਸਪਤਾਲਾਂ ਵਿੱਚ ਬਣੀਆਂ ਕਿਉਸਕਾਂ ਵਿੱਚ ਜਾ ਕੇ ਕਾਰਡ ਸਬੰਧੀ ਵੇਰਵੇ ਦਰਜ ਕਰਵਾ ਸਕਦੇ ਹਨ।

ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਲੋਕਾਂ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਸਕੀਮ ਇਸ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਅਧੀਨ ਸੂਬੇ ਦੀ 75 ਫ਼ੀਸਦੀ ਆਬਾਦੀ ਕਵਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਦੀ ਰਹਿਤ ਇਲਾਜ ਦਾ ਲਾਭ ਲੈਣ ਲਈ ਯੋਗਤਾ ਵਿਭਾਗ ਦੀ ਵੈਬਸਾਈਟ www.shapunjab.in ‘ਤੇ ਵੇਖੀ ਜਾ ਸਕਦੀ ਹੈ ਅਤੇ ਈ-ਕਾਰਡ ਬਣਾਉਣ ਲਈ ਨੇੜਲੇ ਕਾਮਨ ਸਰਵਿਸ ਸੈਂਟਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਲਾਭਪਾਤਰੀਆਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਹੱਲ ਕਰਨ ਲਈ ‘ਸਟੇਟ ਐਂਟੀ ਫ਼ਰਾਡ ਯੂਨਿਟ’ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 104 ਹੈਲਪਲਾਈਨ ‘ਤੇ ਦਰਜ 1502 ਸ਼ਿਕਾਇਤਾਂ ਵਿੱਚੋਂ 1220 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਜ਼ਿਲ੍ਹਾ ਪੱਧਰ ‘ਤੇ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਸੂਚੀਬੱਧ ਹਸਪਤਾਲ ਬੀਮਾ ਯੋਜਨਾ ਦਾ ਲਾਭ ਮੁਹੱਈਆ ਕਰਾਉਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਿਹਤ ਸੰਸਥਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਯੋਜਨਾ ਤਹਿਤ ਪਹਿਲਾਂ ਸ਼ਾਮਲ ਲਾਭਪਾਤਰੀਆਂ ਦੀਆਂ ਸ਼੍ਰੇਣੀਆਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਮਾਜਿਕ-ਆਰਥਿਕ ਜਾਤੀਆਂ ਦੀ ਜਨਗਣਨਾ 2011, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫ਼ਾਰਮ ਧਾਰਕ ਕਿਸਾਨ ਪਰਿਵਾਰ, ਛੋਟੇ ਵਪਾਰੀ ਅਤੇ ਰਜਿਸਟਰਡ ਉਸਾਰੀ ਕਾਮੇ ਪਹਿਲਾਂ ਇਸ ਯੋਜਨਾ ਤਹਿਤ ਸ਼ਾਮਲ ਕੀਤੇ ਗਏ ਸਨ ਪਰ ਇਸ ਦੀ ਯੋਜਨਾ ਦੀ ਸ਼ੁਰੂਆਤ ਕਰਦੇ ਸਮੇਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਦਾ ਲਾਭ ਮਾਨਤਾ ਪ੍ਰਾਪਤ/ਪੀਲੇ ਕਾਰਡ ਧਾਰਕ ਪੱਤਰਕਾਰਾਂ ਅਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਦੇਣ ਦਾ ਫ਼ੈਸਲਾ ਵੀ ਕੀਤਾ।