ਨਸ਼ਾ ਛੱਡੋ ਅਤੇ ਪਹਿਲ ‘ਤੇ ਰੋਜ਼ਗਾਰ ਹਾਸਿਲ ਕਰੋਂ , ਪ੍ਰਸ਼ਾਸਨ ਐਲਾਨ

ਗੁਰਦਾਸਪੁਰ, 14 ਜਨਵਰੀ : ਡਿਪਟੀ ਕਮਿਸ਼ਨਰਲ ਮੁਹੰਮਦ ਇਸ਼ਫਾਕ ਵਲੋਂ ਅੱਜ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਕਾਹਨੂੰਵਾਨ ਰੋਡ , ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤੇ ਸਮਾਜਿਕ ਬੁਰਾਈ ਨਸ਼ੇ ਨੂੰ ਤਿਆਗਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਚ 28 ਨਸ਼ਾ ਪੀੜਤ, ਜਿਨਾਂ ਵਲੋਂ ਨਸ਼ਿਆਂ ਨੂੰ ਤਿਆਗਿਆ ਗਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਇਨਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਜੇਕਰ ਇਹ ਆਪਣਾ ਸਵੈ-ਰੋਜ਼ਗਾਰ ਸਥਾਪਤ ਕਰਨਾ ਚਾਹੁੰਦੇ ਹਨ ਤਾਂ ਸਵੈ ਰੋਜਗਾਰ ਸਥਾਪਤ ਵੀ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਬੇਰੁਜ਼ਾਗਰ ਪ੍ਰਾਰਥੀ ਵੈੱਬਸਾਈਟ ਤੇ ਆਪਣੀ ਰਜਿਸ਼ਟਰੇਸ਼ਨ ਜਰੂਰ ਕਰਵਾਉਣ ਜਾਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਪੁਹੰਚ ਕੇ ਰਜਿਸ਼ਟਰੇਸਨ ਕਰਵਾ ਸਕਦੇ ਹਨ।

ਉਨਾਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਗੁਰਦਾਸਪੁਰ ਵਲੋਂ ਨਸ਼ਾ ਪੀੜਤਾਂ ਨੂੰ ਨਵੀਂ ਜ਼ਿੰਦਗੀ ਦੇਣ ਅਤੇ ਚੰਗੀ ਸੇਧ ਦਿੱਤੇ ਜਾਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮ ਸਮਾਜ ਦੀ ਬਿਹਤਰੀ ਲਈ ਬਹੁਤ ਜਰੂਰੀ ਹਨ। ਉਨਾਂ ਕਿਹਾ ਕਿ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਸਮਾਜ ਦੀ ਉੱਨਤੀ ਵਿਚ ਹਿੱਸਾ ਪਾਈਆਂ ਅਤੇ ਜੋ ਲੋਕ ਕਿਸੇ ਕਾਰਨ ਸਮਾਜਿਕ ਬੁਰਾਈਆਂ ਦੇ ਜਾਲ ਵਿਚ ਫਸ ਗਏ ਹਨ, ਉਨਾਂ ਨੂੰ ਪ੍ਰੇਰਿਤ ਕਰਕੇ ਨਵਾਂ ਜੀਵਨ ਜਿਊਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰੀਏ।

ਇਸ ਮੌਕੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਗੁਰਦਾਸਪੁਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ ਮਹਾਜਨ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਹੁਣ ਤਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਗੁਰਦਾਸਪੁਰ, ਇੰਨਡੋਰ 98 ਹਜ਼ਾਰ ਨਸ਼ਾ ਪੀੜਤਾਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਸਫਲ ਰਿਹਾ ਹੈ। ਉਨਾਂ ਦੱਸਿਆ ਕਿ ਕੇਂਦਰ ਵਿਚ ਘਰ ਵਰਗਾ ਮਾਹੋਲ, ਜਿੰਮ, ਲਾਇਬ੍ਰੇਰੀ, ਸਿਨੇਮਾ ਹਾਲ, ਖੇਡਣ ਅਤੇ ਪੋਸ਼ਟਿਕ ਖਾਣਾ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਉਨਾਂ ਦੀ ਧਰਮਪਤਨੀ ਦਾ ਕੇਂਦਰ ਵਿਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਵਲੋਂ ਕੰਪਿਊਟਰ ਰੂਮ, ਲਾਇਬ੍ਰੇਰੀ ਅਤੇ ਜਿੰਮ ਆਦਿ ਦਾ ਦੋਰਾ ਵੀ ਕੀਤਾ ਗਿਆ।