ਜੀਰਕਪੁਰ ਵਿਖੇ ਉਮੀਦਵਾਰਾਂ ਦੀ ਪਹਿਲੀ ਲਿਸਟ ਹੋਵੇਗੀ 28 ਨੂੰ ਜਾਰੀ

ਮੁਹਾਲੀ /ਜ਼ੀਰਕਪੁਰ, 27 ਜਨਵਰੀ : ਜੀਰਕਪੁਰ ਦੇ 31 ਵਾਰਡਾਂ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਰਸਮੀ ਤੌਰ ’ਤੇ ਐਲਾਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਹਿਲ ਕਰਦਿਆਂ ਆਮ ਆਦਮੀ ਪਾਰਟੀ ਨੇ ਖੇਤਰ ਦੀਆਂ 31 ਵਾਰਡਾਂ ਵਿਚੋਂ ਆਪਣੀਆਂ ਦੋ ਲਿਸਟਾਂ ਜਾਰੀ ਕਰਕੇ 24 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਰ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਬਸਪਾ ਵੱਲੋਂ ਹਾਲੇ ਤੱਕ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪਿੱਛੇ ਹਨ ਜੋ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਹਲਕਾ ਡੇਰਾਬਸੀ ਭਾਜਪਾ ਦੇ ਚੋਣ ਇੰਚਾਰਜ਼ ਗੁਰਤੇਜ ਸਿੰਘ ਢਿੱਲੋਂ ਅਤੇ ਜੀਰਕਪੁਰ ਭਾਜਪਾ ਮੰਡਲ ਪ੍ਰਧਾਨ ਸ਼ੁਸ਼ਾਂਕ ਦੁੱਗਲ ਵੱਲੋਂ ਵੀ 31 ਵਾਰਡਾਂ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਦਾ ਰਸਮੀ ਤੌਰ ’ਤੇ ਜਲਦ ਹੀ ਐਲਾਨ ਕੀਤਾ ਜਾਵੇਗਾ। ਜਿਸ ਸਬੰਧੀ ਉਨ੍ਹਾਂ ਦੱਸਿਆ ਕਿ ਭਾਜਪਾ ਹਾਈਕਮਾਂਡ ਵੱਲੋਂ ਉਮੀਦਵਾਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਪਿਛੋਕੜ ਸਮੇਤ ਪਾਰਟੀ ਸਬੰਧੀ ਗਤੀਵਿਧੀਆਂ ਦੀ ਹਿੱਸੇਦਾਰੀ ਦੀ ਪੜਤਾਲ ਉਪਰੰਤ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ 22 ਜਿਲਿਆਂ ਵਿਚੋਂ 11 ਜਿਲਿਆਂ ਦੀ ਪਹਿਲੀ ਲਿਸਟ 28 ਜਨਵਰੀ ਨੂੰ ਪੇਸ਼ ਹੋਵੇਗੀ ਜਿਸ ਵਿੱਚ ਜਿਲਾ ਮੋਹਾਲੀ ਦਾ ਜੀਰਕਪੁਰ ਵੀ ਸ਼ਾਮਲ ਹੈ ਜਿੱਥੇ ਭਾਜਪਾ ਦੇ ਉਮੀਦਵਾਰਾਂ ਨੂੰ ਰਸਮੀ ਤੌਰ ’ਤੇ ਐਲਾਨਿਆ ਜਾਵੇਗਾ। ਤਾਂ ਜੋ ਉਹ ਆਪੋ-ਆਪਣੇ ਵਾਰਡਾਂ ਵਿੱਚ ਚੋਣ ਮੁਹਿੰਮ ਸ਼ੁਰੂ ਕਰਦਿਆਂ ਸਬੰਧਿਤ ਵਾਰਡ ਦੇ ਵੋਟਰਾਂ ਨਾਲ ਆਪਣਾ ਰਾਬਤਾ ਕਾਇਮ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਬੇਦਾਗ, ਮਿਹਨਤੀ, ਇਮਾਨਦਾਰ ਸਮੇਤ ਪਾਰਟੀ ਦੇ ਵਰਕਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਜਿਸ ਕਰਕੇ ਸਮੂਹ ਭਾਜਪਾ ਵਰਕਰ ਬਿਨਾਂ ਕਿਸੇ ਭੇਦਭਾਵ ਤੋਂ ਇਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇੱਕ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਣਗੇ।