ਜਿੰਨੀ ਮਰਜ਼ੀ ਮੱਛੀ -ਮੀਟ ਖਾਓ , ਪੰਜਾਬ ਵਿਚ ਬਰਡ ਫਲੂ ਦਾ ਹਾਲੇ ਕੋਈ ਖਤਰਾ ਨਹੀਂ

-ਪੰਜਾਬ ਸਰਕਾਰ ਦਾ ਦਾਅਵਾ

ਚੰਡੀਗੜ੍ਹ, ਜਨਵਰੀ 6 ( ਹਿ ਸ ) : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੂਬੇ ਵਿਚ ਅਜੇ ਤੱਕ ਬਰਡ ਫਲ਼ੂ ਦਾ ਕੋਈ ਕੇਸ ਨਹੀਂ ਸਾਹਮਣੇ ਆਇਆ, ਪਰ ਫਿਰ ਵੀ ਸੂਬਾ ਸਰਕਾਰ ਵਲੋਂ ਕਿਸੇ ਵੀ ਸਥਿੱਤੀ ਨਾਲ ਨਿਪਟਣ ਲਈ ਪੂਰੀਆਂ ਪੇਸ਼ਬੰਦੀਆਂ ਕਰ ਲਈਆਂ ਗਈਆਂ ਹਨ।ਪੰਜਾਬ ਭਵਨ ਵਿਖੇ ਆਪਣੇ ਵਿਭਾਗਾਂ ਦੀਆਂ ਪਿਛਲੇ ਚਾਰ ਸਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਸਬੰਧੀ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ, ਉਹਨਾਂ ਲੋਕਾਂ ਨੂੰ ਸੁਚੇਤ ਕਰਿਦਆਂ ਕਿਹਾ ਕਿ ਅੰਡਾ-ਮੀਟ ਖਾਣ ਵਾਲਿਆਂ ਨੂੰ ਡਰਨ ਦੀ ਲੋੜ ਨਹੀਂ ਸਿਰਫ਼ ਇਹਨਾਂ ਵਸਤਾਂ ਨੂੰ ਚੰਗੀ ਤਰਾਂ ਪਕਾ ਕੇ ਖਾਣ ਦੀ ਲੋੜ ਹੈ।

       ਬਾਜਵਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਸੂਬਾ ਸਰਕਾਰ ਦੇ ਹੋਰਨਾਂ ਮਹਿਕਮਿਆਂ ਨਾਲ ਰਲੇ ਹਰ ਤਰਾਂ ਦੀ ਨਿਗਰਾਨੀ ਵਿਚ ਜੁਟਿਆ ਹੋੋਇਆ ਹੈ ਤਾਂ ਜੋ ਬਜ਼ਾਰ ਵਿਚ ਗੈਰ ਮਿਆਰੀ ਮੀਟ-ਮੱਛੀ ਨਾ ਵਿਕੇ।ਇਸ ਦੇ ਨਾਲ ਹੀ ਉੇਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਬਚਣ ਅਤੇ ਜੇਕਰ ਕੋਈ ਅਫਵਾਹ ਫੈਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪ੍ਰਸਾਸ਼ਨ ਨੂੰ ਦੇਣ।

      ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵਲੋਂ ਕੋਵਿਡ ਦੇ ਦੌਰਾਨ ਵੱਡੇ ਪੱਧਰ ‘ਤੇ ਮੂਹਰੇ ਹੋ ਕੇ ਲੜਾਈ ਲੜੀ ਗਈ ਸੂਬੇ ਦੇ 12,860 ਪਿੰਡਾਂ ਵਿੱਚ 3 ਵਾਰੀ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ ਕਰਵਾਇਆ ਗਿਆ।ਸੂਬੇ ਦੇ 4,000/- ਸਵੈ-ਸਹਾਇਤਾ ਗਰੁੱਪਾਂ ਵੱਲੋਂ 6.45 ਲੱਖ ਮਾਸਕ ਤਿਆਰ ਕੀਤੇ ਗਏ। ਸੂਬੇ ਦੀਆਂ ਪੰਚਾਇਤਾਂ ਨੂੰ ਕੋਵਿਡ ਵਿਰੁੱਧ ਲੜਾਈ ਲਈ 50,000/- ਰੁਪਏ ਤੱਕ ਖਰਚ ਕਰਨ ਦਾ ਅਧਿਕਾਰ ਦਿੱਤਾ ਗਿਆ।

ਸੂਬੇ ਵਿੱਚ ਝੀਂਗਾ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਜਿ਼ਲ੍ਹਾ ਮੁਕਤਸਰ ਦੇ ਪਿੰਡ ਈਨਾਖੇੜਾ ਵਿੱਚ ਪ੍ਰਦਰਸ਼ਨ ਕਮ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਮੱਛੀ ਪਾਲਕਾਂ ਨੂੰ ਸਿਖਲਾਈ ਦੇਣ ਦੇ ਨਾਲ ਸੀਡ ਉਤਪਾਦਨ ਵੀ ਕੀਤਾ ਜਾਵੇਗਾ।

ਸੂਬੇ ਵਿਚ ਸਿਰਫ 14 ਏਕੜ ਨਾਲ ਸ਼ੁਰੂ ਹੋਇਆ ਝੀਂਗਾ ਮੱਛੀ ਪਾਲਣ ਦਾ ਕਿੱਤਾ ਹੁਣ 410 ਏਕੜ ਰਕਬੇ ਤੱਕ ਪਹੁੰਚ ਚੁੱਕਾ ਹੈ। ਇਸ ਸਾਲ 788 ਟਨ ਝੀਂਗਾ ਮੱਛੀ ਦਾ ਉਤਪਾਦਨ ਹੋਇਆ ਅਤੇ ਮੱਛੀ ਪਾਲਕਾਂ ਨੂੰ 350-400 ਰੁਪਏ ਪ੍ਰਤੀ ਕਿਲੋ ਦਾ ਲਾਹੇਵੰਦ ਭਾਅ ਮਿਲਿਆ। ਇਸ ਸਾਲ 1865 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ, ਇਸ ਵੇਲੇ ਸੂਬੇ ਦੇ 41,827 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕੀਤਾ ਜਾ ਰਿਹਾ ਹੈ।ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਕਿੱਲਿਆਂਵਾਲੀ ਵਿਖੇ ਇੱਕ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ।