ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੂੰ ਹੋਇਆ ਮਲਟੀਪਲ ਮਾਈਲੋਮਾ, ਮੁੰਬਈ ਹਸਪਤਾਲ ਭਰਤੀ

ਚੰਡੀਗੜ੍ਹ,01 ਅਪ੍ਰੈਲ । ਚੰਡੀਗੜ੍ਹ ਤੋਂ ਸਾਂਸਦ ਤੇ ਅਦਾਕਾਰ ਕਿਰਨ ਖੇਰ ਨੂੰ ਮਲਟੀਪਲ ਮਾਈਲੋਮਾ ਹੋ ਗਿਆ ਹੈ। ਉਹ ਇਸ ਸਮੇਂ ਮੁੰਬਈ ਚ ਇਲਾਜ ਕਰਵਾ ਰਹੇ ਹਨ। ਇਸਦੀ ਪੁਸ਼ਟੀ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੇ ਟਵੀਟਰ ਤੇ ਕੀਤੀ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਸੰਸਦ ਮੈਂਬਰ ਕਿਰਨ ਖੇਰ ’ਤੇ ਪਿਛਲੇ ਡੇਢ ਸਾਲ ਤੋਂ ਸ਼ਹਿਰ ਤੋਂ ਲਾਪਤਾ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਚੰਡੀਗਡ਼੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਸੰਸਦ ਮੈਂਬਰ ਦੇ ਬਚਾਅ ਚ ਬੋਲਦੇ ਹੋਏ ਕਿਹਾ ਕਿ ਸੰਸਦ ਕਿਰਨ ਖੇਰ ਇਸ ਸਮੇਂ ਮਲਟੀਪਲ ਮਾਈਲੋਮਾ (ਪਲਾਜ਼ਮਾ ਸੈਲਸ ਦਾ ਕੈਂਸਰ) ਬੀਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਮੁੰਬਈ ਵਿਚ ਇਲਾਜ ਕਰਵਾ ਰਹੀ ਹੈ। ਸੂਦ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਖਤਰੇ ਤੋਂ ਬਾਹਰ ਹੈ। ਸ਼ੁਰੂਆਤੀ ਸਟੇਜ ’ਤੇ ਇਸ ਬਿਮਾਰੀ ਦਾ ਪਤਾ ਲੱਗ ਗਿਆ ਹੈ। ਉਹ ਇਲਾਜ ਲਈ ਮੁੰਬਈ ਗਏ ਹੋਏ ਹਨ। ਹਫ਼ਤੇ ਵਿਚ ਇਕ ਵਾਰ 24 ਘੰਟੇ ਲਈ ਹਸਪਤਾਲ ਰਹਿਣਾ ਪੈਂਦਾ ਹੈ। ਅਜੇ ਤਿੰਨ ਤੋਂ ਚਾਰ ਮਹੀਨੇ ਰਿਕਵਰ ਹੋਣ ਵਿਚ ਲੱਗ ਜਾਣਗੇ ਤੇ ਫਿਰ ਮੁੜ ਚੰਡੀਗੜ੍ਹ ਆ ਕੇ ਲੋਕਾਂ ਦੀ ਸੇਵਾ ਕਰਨਗੇ। ਸੂਦ ਨੇ ਕਿਹਾ ਕਿ ਐਮਪੀ ਗੰਭੀਰ ਬਿਮਾਰੀ ਨਾਲ ਜੂੁਝ ਰਹੀ ਹੈ ਪਰ ਕਾਂਗਰਸ ਨੂੰ ਇਸ ’ਤੇ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ।