ਚਾਰ ਵੇਟਰਾਂ ਦਾ ਅੰਗੀਠੀ ਨਾਲ ਦਮ ਘੁਟਿਆ , ਚਾਰਾਂ ਦੀ ਮੌਤ

ਚੰਡੀਗੜ, 01 ਜਨਵਰੀ । ਪੰਜਾਬ ਦੇ ਮੁਹਾਲੀ ‘ਚ ਸੈਕਟਰ-69 ਸਥਿਤ ਚਾਰ ਵਿਅਕਤੀਆਂ ਦੀ ਦਮ ਘੁਟਣ ਨਾਲ ਮੌਤ ਹੋ ਗਈ। ਸਾਰੇ ਮ੍ਰਿਤਕ ਵੇਟਰ ਦਾ ਕੰਮ ਕਰਦੇ ਸੀ। ਬੁੱਧਵਾਰ ਨੂੰ ਪੁਲਿਸ ਨੇ ਚਾਰੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਪੁਲਿਸ ਦੇ ਅਨੁਸਾਰ ਇਹ ਸਾਰੇ ਜਣੇ ਕੇਟਰਿੰਗ ਦਾ ਕੰਮ ਕਰਦੇ ਸਨ ਤੇ ਨਵੇਂ ਸਾਲ ਦੀ ਪਾਰਟੀ ਖ਼ਤਮ ਹੋਣ ਤੋਂ ਬਾਅਦ ਠੰਢ ਕਾਰਨ ਅੰਗੀਠੀ ਬਾਲ਼ ਕੇ ਸੇਕਦੇ ਹੋਏ ਸੌਂ ਗਏ ਤੇ ਦਮ ਘੁੱਟਣ ਨਾਲ ਇਨਾਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਜਦੋਂ ਉਹ ਕਮਰੇ ਤੋਂ ਬਾਹਰ ਨਾ ਆਏ ਤਾਂ ਉਨਾਂ ਦੇ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਹ ਮ੍ਰਿਤਕ ਹਾਲਤ ਵਿੱਚ ਪਏ ਸਨ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਦਰਵਾਜੇ ਤੋੜ ਕੇ ਚਾਰੇ ਲਾਸ਼ਾਂ ਨੂੰ ਬਾਹਰ ਕੱਢਿਆ। ਕੋਲਿਆਂ ਵਾਲੀ ਅੰਗੀਠੀ ਬਾਲ਼ ਕੇ ਸੇਕਣ ਨਾਲ ਆਕਸੀਜਨ ਦਾ ਪ੍ਰਵਾਹ ਕਮਰੇ ‘ਚ ਘੱਟ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਦਵਾਰਕਾ, ਧਰਮ ਸਿੰਘ, ਅਮਿਤ ਅਤੇ ਰਜਨੀਸ਼ ਦੇ ਰੂਪ ‘ਚ ਹੋਈ ਹੈ।