ਘਰ ਬੈਠੇ ਹੀ ਮਿਲੇਗੀ ‘ਲਾਲ ਪਰੀ’ ਪੰਜਾਬ ਵੱਲੋਂ ਨਵੇਂ ਤਜੁਰਬੇ ਦੀ ਤਿਆਰੀ।

ਚੰਡੀਗੜ੍ਹ , 1 ਫਰਵਰੀ ( ਪੀ 2 ਪੀ ): ਪੂਰੇ ਦੇਸ਼ ਵਿੱਚ ਪੰਜਾਬ ਅਜਿਹਾ ਪਹਿਲਾ ਸੂਬਾ ਹੋਵੇਗਾ ਜਿੱਥੇ ਲੋਕਾਂ ਦੀ ਮੰਗ ਤੇ ਘਰ -ਘਰ ਸ਼ਰਾਬ ਦੀ ‘ਹੋਮ ਡਿਲੀਵਰੀ ‘ਕੀਤੀ ਜਾਵੇਗੀ ।ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਵਿੱਚ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਤਜਰਬੇ ਦੇ ਤੌਰ ਤੇ ਅਜਿਹਾ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੋਹਾਲੀ ਵਿੱਚ ਕੀਤਾ ਜਾਣਾ ਹੈ । ਮੋਹਾਲੀ ਵਿੱਚ ਸ਼ਰਾਬ ਦੀ ਹੋਮ ਡਿਲਿਵਰੀ ਪ੍ਰਕਿਰਿਆ ਸ਼ੁਰੂ ਕਰਨ ਦੇ ਪਿੱਛੇ ਪੰਜਾਬ ਸਰਕਾਰ ਦਾ ਮਕਸਦ ਆਬਕਾਰੀ ਰਾਹੀਂ ਪੰਜਾਬ ਦੀ ਆਮਦਨ ਨੂੰ ਵਧਾਉਣਾ ਹੈ ।ਵਰ੍ਹਿਆਂ ਤੋਂ ਅਜਿਹੇ ਦੋਸ਼ ਪੰਜਾਬ ਵੱਲੋਂ ਲਗਾਤਾਰ ਲੱਗ ਰਹੇ ਹਨ ਕਿ ਕੀਮਤਾਂ ਵਿੱਚ ਭਾਰੀ ਅੰਤਰ ਦੇ ਚਲਦਿਆਂ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਗੁਆਂਢੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਸੂਬੇ ਹਰਿਆਣਾ ਤੋਂ ਹੋ ਰਹੀ ਹੈ ,ਜਿਸ ਕਾਰਨ ਪੰਜਾਬ ਦੀ ਆਮਦਨ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਪਿਛਲੇ ਹਫਤੇ ਕਾਂਗਰਸ ਦੇ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਨਾਲ ਮੁੱਖ ਮੰਤਰੀ ਦੀ ਹੋਈ ਮੀਟਿੰਗ ਵਿੱਚ ਵੀ ਸ਼ਰਾਬ ਮਾਫੀਆ ਦਾ ਮੁੱਦਾ ਜ਼ੋਰ ਸ਼ੋਰ ਨਾਲ ਉੱਠਿਆ ਸੀ। ਇਸੇ ਗੱਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਇਸ ਵਾਰ ਸ਼ਰਾਬ ਦੀ ਹੋਮ ਡਲਿਵਰੀ ਕਰਨ ਦਾ ਤਜ਼ਰਬਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸਦੇ ਲਈ ਪਹਿਲਾਂ ਸ਼ਰਾਬ ਦੇ ਠੇਕੇਦਾਰਾਂ ਪਾਸੋਂ ਸੁਝਾਅ ਮੰਗੇ ਜਾ ਰਹੇ। ਹਨ। ਜੇਕਰ ਕਿਸੇ ਵੀ ਸ਼ਰਾਬ ਠੇਕੇਦਾਰ ਵੱਲੋਂ ਇਸ ਤੇ ਇਤਰਾਜ਼ ਕੀਤਾ ਜਾਂਦਾ ਹੈ ਤਾਂ ਘਰ ਘਰ ਸ਼ਰਾਬ ਦੀ ਹੋਮ ਡਿਲੀਵਰੀ ਵਾਲਾ ਤਜਰਬਾ ਰੱਦ ਵੀ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਇਸ ਵਾਰੀ ਐਕਸਾਈਜ਼ ਤੋਂ ਆਮਦਨ ਵਧਾਉਣ ਦੇ ਟੀਚੇ ਤੈਅ ਕੀਤੇ ਹਨ। ਸਰਕਾਰ ਵੱਲੋਂ ਨਵੇਂ ਵਿੱਤੀ ਵਰ੍ਹੇ ਲਈ ਤੈਅ ਕੀਤੇ ਆਬਕਾਰੀ ਆਮਦਨ ਦੇ ਟੀਚਿਆਂ ਅਨੁਸਾਰ 6250 ਕਰੋੜ ਰੁਪਏ ਆਮਦਨ ਇਕੱਤਰ ਕਰਨ ਦਾ ਪ੍ਰਸਤਾਵ ਹੈ , ਜਦਕਿ ਚਾਲੂ ਵਰ੍ਹੇ ਵਿੱਚ ਇਹ ਰਾਸ਼ੀ 5676 ਕਰੋੜ ਰੁਪਏ ਸੀ ।