-16 ਸਿਮ ਕਾਰਡ ਤੇ ਕਾਰ ਬਰਾਮਦ
ਕਪੂਰਥਲਾ, 7 ਜਨਵਰੀ : ਕਪੂਰਥਲਾ ਪੁਲਿਸ ਵਲੋਂ ਇਕ ਅਹਿਮ ਪ੍ਰਾਪਤੀ ਤਹਿਤ ਕੇਂਦਰੀ ਜੇਲ੍ਹ ਵਿਚ ਗੈਰ ਕਾਨੂੰਨੀ ਮੋਬਾਇਲ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ , ਜਿਸ ਤਹਿਤ ਜੇਲ੍ਹ ਵਾਰਡਨ ਸਮੇਤ 2 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਐਸ ਐਸ ਪੀ ਕਪੂਰਥਲਾ ਸ਼੍ਰੀਮਤੀ ਸ੍ਰੀਮਤੀ ਕੰਵਰਦੀਪ ਕੌਰ , ਆਈ.ਪੀ.ਐਸ. ਨੇ ਦੱਸਿਆ ਕਿ , ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਂਦਰੀ ਜੇਲ ਕਪੂਰਥਲਾ ਵਿਚ ਬੰਦ ਕੈਦੀਆਂ / ਹਵਾਲਾਤੀਆਂ ਵਲੋਂ ਗੈਰ ਕਾਨੂੰਨੀ ਤੌਰ ’ਤੇ ਮੋਬਾਇਲ ਨੈਟਵਰਕ ਰਾਹੀਂ ਜੇਲ ਤੋਂ ਭੈੜੇ ਪੁਰਸ਼ਾਂ ਨਾਲ ਸੰਪਰਕ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਜੇਲ ਅੰਦਰ ਚੱਲ ਰਹੇ ਗੈਰ ਕਾਨੂੰਨੀ ਮੋਬਾਇਲ ਨੈਟਵਰਕ ਨੂੰ ਤੋੜਨ ਲਈ ਪੁਲਿਸ ਕਪਤਾਨ , ਡਿਟੈਕਟਿਵ , ਕਪੂਰਥਲਾ ਸ੍ਰੀ ਸਰਬਜੀਤ ਸਿੰਘ ਬਾਹੀਆ , ਪੀ.ਪੀ.ਐਸ. , ਦੀ ਡਿਊਟੀ ਲਗਾਈ ਗਈ ਸੀ ਜਿਹਨਾਂ ਵਲੋਂ ਗੈਰਸਕਾਨੂੰਨੀ ਮਬਾਇਲ ਨੈਟਵਰਕ ਨੂੰ ਤੋੜਨ ਲਈ ਮੁੱਖ ਅਫਸਰ ਥਾਣਾ ਕੋਤਵਾਲੀ ਕਪੂਰਥਲਾ ਐਸ.ਆਈ. ਹਰਿੰਦਰ ਸਿੰਘ ਅਤੇ ਟੈਕਨੀਕਲ ਸੈਲ ਦੇ ਕਰਮਚਾਰੀਆਂ ਦੀ ਸਾਂਝੀ ਟੀਮ ਬਣਾਈ ਗਈ ਸੀ।
ਇਸ ਟੀਮ ਵਲੋਂ ਤਕਨੀਕੀ ਢੰਗਾਂ ਨਾਲ ਕਾਰਵਾਈ ਕਰਦੇ ਹੋਏ ਅਤੇ ਮਿਤੀ ਜਨਵਰੀ ਨੂੰ ਖਾਸ ਇਤਲਾਹ ਦੇ ਅਧਾਰ ’ਤੇ ਵਿਜੈ ਪੁੱਤਰ ਵਿਸ਼ਨੂੰ ਦੇਵ ਵਾਸੀ ਸੰਤ ਨਗਰ ਬਸਤੀ ਸ਼ੇਖ ਜਲੰਧਰ , ਸ਼ਿਵਮ ਪੁੱਤਰ ਅਸ਼ਵਨੀ ਕੁਮਾਰ ਵਾਸੀ ਪ੍ਰੀਤ ਨਗਰ , ਕਪੂਰਥਲਾ ਅਤੇ ਜੇਲ ਵਾਰਡਨ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹਰਚੋਵਾਲ ਥਾਣਾ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 16 ਐਕਟਿਵ ਸਿੰਮਾਂ ਸਮੇਤ ਇਕ ਸੈਮਸੰਗ ਮੋਬਾਇਲ ਬੈਟਰੀ ਬਰਾਮਦ ਕੀਤੀ ਗਈ।
ਇਨ੍ਹਾਂ ਸਿਮਾਂ ਨਾਲ ਇਹਨਾਂ ਵਲੋਂ ਜੇਲ ਅੰਦਰ ਬੈਠੇ ਕੈਦੀਆਂ / ਹਵਾਲਾਤੀਆਂ ਵਿਕਾਸ ਜੋਲੀ ਪੁੱਤਰ ਸ਼ਿਵ ਕੁਮਾਰ ਵਾਸੀ ਹਾਊਸ ਨੰ : 253 ਗਲੀ ਨੰ : 04 ਗੋਪਾਲ ਨਗਰ ਮਜੀਠਾ ਰੋਡ , ਅੰਮਿ੍ਰਤਸਰ , ਸੰਜੀਵ ਕੁਮਾਰ ਪੁੱਤਰ ਰਮੇਸ ਕੁਮਾਰ ਵਾਸੀ ਜੰਡਿਆਲਾ ਗੁਰੂ , ਭਾਂਡਿਆਂ ਵਾਲਾ ਚੌਕ ਅੰਮਿ੍ਰਤਸਰ , ਅਤੇ ਪੰਜਾਬ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਬੁਤਾਲਾ ਥਾਣਾ ਬਿਆਸ ਜਿਲਾ ਅੰਮਿ੍ਤਸਰ ਨੂੰ ਪਹੁੰਚਾਉਣੀਆਂ ਸਨ , ਜੋ ਇਹ ਤਿੰਨੋਂ ਅੱਗੇ ਜੇਲ ਵਿਚ ਬੰਦ ਹੋਰ ਹਵਾਲਾਤੀਆਂ / ਕੈਦੀਆਂ ਨੂੰ ਇਹ ਸਿੰਮਾਂ ਮਹਿੰਗੇ ਭਾਅ ’ਤੇ ਵੇਚਦੇ ਸਨ ਅਤੇ ਮੋਟੀ ਕਮਾਈ ਕਰਦੇ ਸਨ।
ਪੁਲਿਸ ਵਲੋਂ ਗਿ੍ਰਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰ : 02 ਮਿਤੀ 06-01-2021 ਅ / ਧ 420,468,471,511,120 – ਬੀ ਭ : ਦੰ : 42 – ਜਨ ਐਕਟ -1894 ਥਾਣਾ ਕੋਤਵਾਲੀ ਕਪੂਰਥਲਾ ਵਿਖੇ ਦਰਜ ਕੀਤਾ ਗਿਆ ਹੈ । ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਲਵਪ੍ਰੀਤ ਸਿੰਘ ਵਲੋਂ ਇਸ ਕੰਮ ਵਿਚ ਵਰਤੀ ਜਾਂਦੀ ਕਾਰ ਯੈਨ ਨੰਬਰ ਪੀ ਬੀ 02-ਯੂ-5994 ਵੀ ਬਰਾਮਦ ਕੀਤੀ ਹੈ।
ਪੁੱਛਗਿਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ਿਵਮ ਅਤੇ ਵਿਜੈ ਕ੍ਰਿਮੀਨਲ ਕਿਸਮ ਦੇ ਵਿਅਕਤੀ ਹਨ। ਵਿਜੈ ਦੇ ਖਿਲਾਫ ਪਹਿਲਾਂ ਵੀ ਲੁੁੱਟਾਂ ਖੋਹਾਂ , ਚੋਰੀਆਂ ਅਤੇ ਇਰਾਦਾ ਕਤਲ ਦੇ ਵੱਖ-ਵੱਖ ਥਾਣਿਆਂ ਵਿਚ 5 ਮੁਕੱਦਮੇ ਦਰਜ ਹਨ ਅਤੇ ਕਰੀਬ 25 ਮਹੀਨੇ ਕਪੂਰਥਲਾ ਜੇਲ੍ਹ ਵਿਚ ਰਹਿ ਕਿ ਆਇਆ ਹੈ ਅਤੇ ਸ਼ਿਵਮ ਦੇ ਖਿਲਾਫ ਵੀ ਲੜਾਈ ਝਗੜੇ ਦਾ ਥਾਣਾ ਸਿਟੀ ਕਪੂਰਥਲਾ ਵਿਖੇ ਇਕ ਮੁਕੱਦਮਾ ਦਰਜ ਹੈ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਇਹ ਸਿੰਮਾਂ ਉਹ ਕਿਹੜੇ ਦਸਤਾਵੇਜਾਂ ਦੇ ਅਧਾਰ ’ਤੇ ਕਿੱਥੋਂ ਲੈ ਕੇ ਆਏ ਅਤੇ ਇਸ ਵਿਚ ਜੇਲ੍ਹ ਦੇ ਕਿਸੇ ਹੋਰ ਕਰਮਚਾਰੀ ਦੀ ਮਿਲੀ ਭੁਗਤ ਹੋਣ ਸਬੰਧੀ ਤਫਤੀਸ਼ ਜਾਰੀ ਹੈ ।