ਹੁਸ਼ਿਆਰਪੁਰ, 1 ਜਨਵਰੀ :
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅੱਜ ਦੱਸਿਆ ਕਿ ਪੁਲਿਸ ਵੱਲੋਂ ਸਮਾਂ ਰਹਿੰਦਿਆਂ ਕਾਰਵਾਈ ਕਰਨ ਨਾਲ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਹਿੰਸਕ ਟਕਰਾਅ ਟਲ ਗਿਆ।
ਇਕ ਬਿਆਨ ਵਿੱਚ ਐਸ.ਐਸ.ਪੀ ਨੇ ਦੱਸਿਆ ਕਿ ਡੀ.ਐਸ.ਪੀ ਪੱਧਰ ਦੇ ਇੱਕ ਅਧਿਕਾਰੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਦੀ ਮੌਜੂਦਗੀ ਨੇ ਇਹ ਯਕੀਨੀ ਬਣਾਇਆ ਕਿ ਸਾਬਕਾ ਮੰਤਰੀ ਦੇ ਸਮਰਥਕਾਂ ਅਤੇ ਮੁਜ਼ਾਹਰਾਕਾਰੀਆਂ ਦਰਮਿਆਣ ਕੋਈ ਹਿੰਸਕ ਟਕਰਾਅ ਨਾ ਹੋਵੇ। ਉਨਾਂ ਅੱਗੇ ਦੱਸਿਆ ਕਿ ਪੁਲਿਸ ਨੇ ਪੂਰੀ ਚੌਕਸੀ ਵਰਤਦੇ ਹੋਏ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਨਹੀਂ ਲੈਣ ਦਿੱਤਾ। ਐਸ.ਐਸ.ਪੀ. ਨੇ ਇਹ ਵੀ ਕਿਹਾ ਕਿ ਜੇਕਰ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਹਰਕਤ ਵਿਚ ਨਾ ਆਉਂਦੀ ਤਾਂ ਸਿੱਟੇ ਗੰਭੀਰ ਹੋ ਸਕਦੇ ਸਨ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਮੁਜ਼ਾਹਰਾਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੜਤਾਲ ਜਾਰੀ ਹੈ। ਉਨਾਂ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਅੱਜ ਸਵੇਰੇ ਕੁਛ ਕਿਸਾਨ ਅੰਦੋਲਨ ਦੇ ਨਾਂਅ ਹੇਠ ਭਾਜਪਾ ਆਗੂਆਂ ਦੇ ਘਰ ਦੇ ਘੇਰਾਓ ਦੇ ਨਾਂਅ ‘ਤੇ ਸਾਬਕਾ ਮੰਤਰੀ ਤੀਕਸ਼ਨ ਸੂਦ ਦੇ ਮੁੱਖ ਗੇਟ ‘ਤੇ ਗੋਹੇ ਭਾਰੀ ਟਰਾਲੀ ਸੁੱਟ ਗਏ ਸਨ।