ਐਪ ਤੋਂ ਫ਼ੋਨ ਕਰਵਾਇਆ ਰੀਚਾਰਜ, ਹੈਕਰ ਨੇ ਖਾਤੇ ਤੋਂ ਲੱਖਾਂ ਉਡਾਏ

ਲੁਧਿਆਣਾ, 4 ਜਨਵਰੀ :
ਟਿੱਬਾ ਰੋਡ ਤੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਐਪ ਰਾਹੀਂ ਆਪਣਾ ਮੋਬਾਈਲ ਫੋਨ ਰੀਚਾਰਜ ਕਰਨਾ ਮਹਿੰਗਾ ਪਿਆ । ਰੀਚਾਰਜ ਕਰਨ ਤੋਂ ਬਾਅਦ ਹੈਕਰਾਂ ਨੇ ਉਸ ਦੇ ਖਾਤੇ ਵਿੱਚੋਂ ਲਗਭਗ 2 ਲੱਖ ਰੁਪਏ ਦੀ ਰਕਮ ਉਡਾ ਦਿੱਤੀ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਟਿੱਬਾ ਦੀ ਪੁਲਿਸ ਨੇ ਵਿਸ਼ਾਲ ਬਿਹਾਰ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਦੇ ਬਿਆਨ ਤੇ ਆਰੋਪੀਆਂ ਦੇ ਖਿਲਾਫ ਸਾਜ਼ਿਸ਼ ਰਚਣ ਕੇ ਠੱਗੀ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਰੋਪੀਆਂ ਦੀ ਪਛਾਣ ਅੰਟਾਰ ਸਿੰਘ, ਅਨਬਰਾਸੂ, ਇਜ਼ਾਲਾਰਸੀ, ਐਸ ਵਰਧਾਰਾਜਨ, ਆਕਾਸ਼ ਸੋਨਕਰ, ਅਲੀਜਾਨ ਐਸਕੇ ਵਜੋਂ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੌਜਵਾਨ ਨੇ ਕਿਹਾ ਕਿ ਉਸ ਨੇ ਆਪਣੇ ਮੋਬਾਈਲ ਲਈ ਐਪ ਰਾਹੀਂ 219 ਰੁਪਏ ਦਾ ਰੀਚਾਰਜ ਕੀਤਾ ਸੀ। ਪਰ ਕੁਝ ਸਮੇਂ ਬਾਅਦ ਉਸ ਦੇ ਖਾਤੇ ਵਿੱਚੋਂ 219 ਰੁਪਏ ਹੋਰ ਕੱਟ ਗਏ। ਉਸ ਨੇ ਕਸਟਮਰ ਕੇਅਰ ਨੂੰ ਫੋਨ ਕੀਤਾ ਅਤੇ ਜਿਸ ਵਿਅਕਤੀ ਨੇ ਕਾਲ ਸੁਣੀ, ਉਸ ਨੇ ਉਸ ਕੋਲੋਂ ਜਾਣਕਾਰੀ ਲੈਣ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ 1 ਲੱਖ 89 ਹਜ਼ਾਰ 232 ਰੁਪਏ ਉਡਾ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਆਰੋਪੀਆਂ ਦਾ ਪਤਾ ਲੰਬੀ ਜਾਂਚ ਤੋਂ ਬਾਅਦ ਹੀ ਪਤਾ ਲੱਗਾ ਹੈ। ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀ ਹੈ।