ਇਸ ਵਾਰ ਵਿਧਾਨ ਸਭਾ ਵਿਚ ਪੇਸ਼ ਹੋਵੇਗੀ ਕੈਗ ਰਿਪੋਰਟ।

ਚੰਡੀਗੜ੍ਹ, 6 ਫਰਵਰੀ ( ਪੀ 2 ਪੀ ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 25 ਫਰਵਰੀ ਨੂੰ ਇਸ ਵਾਰ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ।ਪਿਛਲੇ ਵਰ੍ਹੇ ਕੁਝ ਕਾਰਨਾਂ ਕਰਕੇ ਇਹ ਰਿਪੋਰਟ ਸਦਨ ਵਿੱਚ ਪੇਸ਼ ਨਹੀਂ ਕੀਤੀ ਜਾ ਸਕੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 20 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ । 21,22 ਅਤੇ 23 ਫਰਵਰੀ ਦੀ ਛੁੱਟੀ ਰਹੇਗੀ। 24 ਫਰਵਰੀ ਨੂੰ ਰਾਜਪਾਲ ਦੇ ਅਭਿਭਾਸ਼ਣ ‘ਤੇ ਬਹਿਸ ਅਤੇ ਧੰਨਵਾਦ ਮਤਾ ਪਾਸ ਕਰਨ ਦੀ ਕਾਰਵਾਈ ਹੋਵੇਗੀ । 25 ਫਰਵਰੀ ਨੂੰ ਸਾਲ 2018-19 ਦੀ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਇਸੇ ਦਿਨ ਪੰਜਾਬ ਦਾ ਬਜਟ ਵੀ ਪੇਸ਼ ਕੀਤਾ ਜਾਣਾ ਹੈ । 26 ਫਰਵਰੀ ਨੂੰ ਪੰਜਾਬ ਦੇ ਪੇਸ਼ ਕੀਤੇ ਬਜਟ ਅਨੁਮਾਨਾਂ ‘ਤੇ ਚਰਚਾ ਹੋਵੇਗੀ। 27 ਫਰਵਰੀ ਨੂੰ ਨਾਨ- ਆਫੀਸ਼ੀਅਲ ਬਿਜਨੇਸ ਹੋਵੇਗਾ ।ਬਜਟ ਸੈਸ਼ਨ ਦੇ ਆਖਰੀ ਦਿਨ 28 ਫਰਵਰੀ ਨੂੰ ਬਜਟ ਅਨੁਮਾਨ ਪਾਸ ਕਰਨ ਦੀ ਪ੍ਰਕਿਰਿਆ ਹੋਵੇਗੀ ਅਤੇ ਹੋਰ ਕਾਰਜ ਵੀ ਹੋਣਗੇ, ਜਿਨ੍ਹਾਂ ਵਿੱਚ ਕੁਝ ਬਿੱਲ ਵੀ ਸ਼ਾਮਿਲ ਹਨ। ਨੌਂ ਦਿਨ ਦੇ ਬਜਟ ਸੈਸ਼ਨ ਵਿੱਚ ਤਿੰਨ ਦਿਨ ਛੁੱਟੀ ਰਹੇਗੀ ਅਤੇ 6 ਦਿਨ ਕੰਮ ਹੋਵੇਗਾ ।