ਅਕਾਲੀ ਦਲ ਨੇ ਬਾਬਾ ਗੁਰਦੀਪ ਸਿੰਘ ਦੇ ਸਿਆਸੀ ਕਤਲ ਦੀ ਸੀਬੀਆਈ ਜਾਂਚ ਮੰਗੀ

ਚੰਡੀਗੜ੍ਹ/02 ਜਨਵਰੀ ( ਪੀ 2 ਪੀ ) :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੱਗੂ ਭਗਵਾਨਪੁਰੀਆ ਗੈਂਗ ਦੁਆਰਾ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕੀਤੇ ਸਿਆਸੀ ਕਤਲ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਕਿਉਂਕਿ ਪੰਜਾਬ ਦਾ ਡੀਜੀਪੀ ਇਸ ਮੰਤਰੀ-ਗੈਂਗਸਟਰ ਗਠਜੋੜ ਦੇ ਖ਼ਿæਲਾਫ ਕਾਰਵਾਈ ਕਰਨ ਵਿਚ ਲਾਚਾਰ ਹੈ, ਇਸ ਲਈ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਵੱਲੋਂ ਧਰਨੇ ਦਿੱਤੇ ਜਾਣਗੇ ਅਤੇ ਅਦਾਲਤ ਤਕ ਪਹੁੰਚ ਕੀਤੀ ਜਾਵੇਗੀ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਦਾ ਸਿਆਸੀ ਕਤਲ ਉਹਨਾਂ ਧਮਕੀਆਂ ਦਾ ਨਤੀਜਾ ਹੈ, ਜੋ ਕਿ ਸਾਬਕਾ ਸਰਪੰਚ ਨੂੰ ਮੰਤਰੀ-ਗੈਂਗਸਟਰ ਗਠਜੋੜ ਖ਼ਿਲਾਫ ਬੋਲਣ ਤੋਂ ਰੋਕਣ ਲਈ ਦਿੱਤੀਆਂ ਜਾ ਰਹੀਆਂ ਸਨ। ਉਹਨਾਂ ਕਿਹਾ ਕਿ ਮੈਨੂੰ ਇੱਕ ਸੁਨੇਹਾ ਭੇਜਿਆ ਗਿਆ ਹੈ ਕਿ ਜੇਕਰ ਮੈਂ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ, ਜਿਸ ਦਾ ਬਾਬਾ ਗੁਰਦੀਪ ਸਿੰਘ ਵਾਂਗ ਹੀ ਕਤਲ ਕੀਤਾ ਗਿਆ ਸੀ, ਲਈ ਇਨਸਾਫ ਮੰਗਣਾ ਬੰਦ ਨਾ ਕੀਤਾ ਤਾਂ ਮੇਰੇ ਨੇੜਲੇ ਸਿਆਸੀ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇੱਥੇ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਜੱਗੂ ਭਗਵਾਨਪੁਰੀਆ ਗੈਂਗ ਖ਼ਿਲਾਫ ਕਾਰਵਾਈ ਕਰਨ ਵਾਸਤੇ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮਿਲ ਚੁੱਕੇ ਹਨ, ਪਰ ਉਸ ਤੋਂ ਤੁਰੰਤ ਬਾਅਦ ਇੱਕ ਆਈਜੀ ਪੱਧਰ ਦੇ ਅਧਿਕਾਰੀ ਨੇ ਗੈਂਗਸਟਰ ਨੂੰ ਕਲੀਨ ਚਿਟ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ 24 ਦਸੰਬਰ ਨੂੰ ਮੈਂ ਐਸਐਸਪੀ ਮਜੀਠਾ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਮੇਰੇ ਸਹਿਯੋਗੀਆਂ ਨੂੰ ਖ਼ਤਰਾ ਹੈ ਅਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਖ਼ਤਰੇ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਦੇ ਬਾਵਜੂਦ ਕੁੱਝ ਨਹੀਂ ਕੀਤਾ ਗਿਆ ਅਤੇ ਸਿੱਟੇ ਵਜੋਂ ਬਾਬਾ ਗੁਰਦੀਪ ਸਿੰਘ ਦਾ ਕਤਲ ਹੋ ਗਿਆ।
ਅਕਾਲੀ ਆਗੂਆਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਸੂਬੇ ਦਾ ਡੀਜੀਪੀ ਅਤੇ ਪੁਲਿਸ ਫੋਰਸ ਸੁੱਤੀ ਪਈ ਹੈ ਅਤੇ ਗੈਂਗਸਟਰ ਸੁਪਾਰੀ ਕਤਲ ਕਰਕੇ ਸੋਸ਼ਲ ਮੀਡੀਆ ਉੱਤੇ ਜ਼ਿੰਮੇਵਾਰੀ ਲੈ ਰਹੇ ਹਨ। ਜੱਗੂ ਭਗਵਾਨਪੁਰੀਆ ਜੇਲ੍ਹ ਵਿਚੋਂ ਏਕੇ ਸੰਤਾਲੀ ਅਤੇ ਸੋਨੇ ਦੀ ਚੇਨ ਪਾ ਕੇ ਖਿੱਚੀਆਂ ਸੈਲਫੀਆਂ ਸੋਸ਼ਲ ਮੀਡੀਆ ਉੱਤੇ ਪਾ ਕੇ ਨਵੇਂ ਸਾਲ ਦੀ ਵਧਾਈਆਂ ਭੇਜ ਰਿਹਾ ਹੈ। ਉਹਨਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਹੀ ਇੱਕ ਹੋਰ ਗੁਰੱਪ ਪਵਿੱਤਰ ਗੈਂਗ ਨੇ ਹਾਲ ਹੀ ਵਿਚ ਇੱਕ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ ਉਹਨਾਂ ਨੇ ਆਪਣੇ ਦੋਸਤ ਹਰਮਨ ਭੁੱਲਰ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਹਰਮਨ ਦੀ ਮਾਤਾ ਚੋਣਾਂ ਵਿਚ ਖੜ੍ਹੀ ਹੋਈ ਸੀ ਅਤੇ ਬਾਬਾ ਗੁਰਦੀਪ ਸਿੰਘ ਦੀ ਪਤਨੀ ਤੋਂ ਹਾਰ ਗਈ ਸੀ। ਉਹਨਾਂ ਕਿਹਾ ਕਿ ਪੁਲਿਸ ਇਹ ਕਬੂਲ ਕਰ ਚੁੱਕੀ ਹੈ ਕਿ ਬਾਬਾ ਗੁਰਦੀਪ ਸਿੰਘ ਦੇ ਕਤਲ ਪਿੱਛੇ ਪਵਿੱਤਰ ਗੈਂਗ ਦਾ ਹੱਥ ਹੈ, ਇਸ ਲਈ ਸਪੱਸ਼ਟ ਹੈ ਕਿ ਇਸ ਗੈਂਗ ਨੂੰ ਕੌਣ ਚਲਾ ਰਿਹਾ ਹੈ ਅਤੇ ਉਹ ਇਹ ਸਾਰੇ ਕਤਲ ਕਿਉਂ ਕਰ ਰਹੇ ਹਨ।
ਇਹ ਟਿੱਪਣੀ ਕਰਦਿਆਂ ਕਿ ਉਹ ਜੱਗੂ ਭਗਵਾਨਪੁਰੀਆਂ ਵਰਗੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵਰਗਿਆਂ ਦਾ ਪਰਦਾਫਾਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ, ਸਰਦਾਰ ਮਜੀਠੀਆ ਨੇ ਕਿਹਾ ਕਿ ਅਸੀਂ ਇਸ ਗਠਜੋੜ ਦਾ ਪਰਦਾਫਾਸ਼ ਕਰਾਂਗੇ ਅਤੇ ਮੌਜੂਦਾ ਕਲੀਨ ਚਿਟ ਸਰਕਾਰ ਦੇ ਨਿਰਦੇਸ਼ਾਂ ਉਤੇ ਸੂਬੇ ਦੀ ਪੁਲਿਸ ਨੂੰ ਇਸ ਗਠਜੋੜ ਨੂੰ ਕਲੀਨ ਚਿਟ ਨਹੀਂ ਦੇਣ ਦਿਆਂਗੇ। ਉਹਨਾਂ ਕਿਹਾ ਕਿ ਜੇਲ੍ਹ ਮੰਤਰੀ ਖ਼ਿਲਾਫ ਸਬੂਤਾਂ ਦੀ ਭਰਮਾਰ ਵਧ ਰਹੀ ਹੈ। ਹੁਣ ਇੱਕ ਹਵਾਲਾਤੀ ਨੇ ਖੁਲਾਸਾ ਕੀਤਾ ਹੈ ਕਿ ਗੁਰਦਾਸਪੁਰ ਜੇਲ੍ਹ ਸੁਪਰਡੈਂਟ ਨੇ ਸ਼ਰੇਆਮ ਉਸ ਕੋਲ ਇਹ ਫੜ੍ਹ ਮਾਰੀ ਸੀ ਕਿ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ, ਕਿਉਂਕਿ ਉਸ ਨੇ ਆਪਣੀ ਪੋਸਟਿੰਗ ਲਈ ਸੁਖਜਿੰਦਰ ਰੰਧਾਵਾ ਨੂੰ 60 ਲੱਖ ਰੁਪਏ ਦਿੱਤੇ ਹਨ।
ਇਸੇ ਦੌਰਾਨ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਫਰੀਦਕੋਟ ਜੇਲ੍ਹ ਵਿਚ ਸ਼ਰੁਤੀ ਕੇਸ ਦੇ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੇ ਦਸ ਸਾਥੀਆਂ ਵੱਲੋਂ ਫਰੀਦਕੋਟ ਦੇ ਸਮਾਜ ਸੇਵੀ ਰਜਿੰਦਰ ਸਿੰਘ ਉੱਤੇ ਕੀਤੇ ਹਮਲੇ ਖ਼ਿਲਾਫ ਐਫਆਈਆਰ ਦਰਜ ਕਰਵਾਏ ਜਾਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਰਜਿੰਦਰ ਸਿੰਘ ਨੇ ਸਪੱਸ਼ਟ ਕਿਹਾ ਸੀ ਕਿ ਨਿਸ਼ਾਨ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ਿਲਾਫ ਬੋਲਣਾ ਜਾਰੀ ਰੱਖਿਆ ਤਾਂ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਸਾਫ ਦਿਸ ਰਿਹਾ ਹੈ ਕਿ ਕਾਂਗਰਸੀ ਜੇਲ੍ਹਾਂ ਅੰਦਰ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੇ ਹਨ।