ਅਕਾਲੀ ਦਲ ਦੀ ਕਮਾਨ ਮੁੜ ਤੋਂ ਬਾਦਲ ਪਰਿਵਾਰ ਵਿੱਚ, ਸੁਖਬੀਰ ਫਿਰ ਬਣੇ ਪਾਰਟੀ ਦੇ ਪ੍ਰਧਾਨ।

ਅੰਮ੍ਰਿਤਸਰ , 14 ਦਸੰਬਰ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਮੁੜ ਤੋਂ ਬਾਦਲ ਪਰਿਵਾਰ ਵਿੱਚ ਹੀ ਰਹਿ ਗਿਆ ਹੈ। ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਹੈ ।ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਕਾਲੀ ਦਲ ਦੇ 99ਵੇ ਸਥਾਪਨਾ ਦਿਵਸ ਦੇ ਮੌਕੇ ਤੇ ਡੈਲੀਗੇਟ ਇਜਲਾਸ ਕੀਤਾ ਗਿਆ , ਜਿਸ ਵਿਚ ਪਾਰਟੀ ਨਾਲ ਸਬੰਧਤ ਕਰੀਬ 600 ਡੈਲੀਗੇਟ ਸ਼ਾਮਲ ਹੋਏ , ਜਿਨ੍ਹਾਂ ਨੇ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ।
57 ਵਰ੍ਹਿਆਂ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੀਜੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਸੁਖਬੀਰ ਬਾਦਲ ਦੇ ਨਾਮ ਦਾ ਪ੍ਰਸਤਾਵ ਰੱਖਿਆ, ਜਿਸ ਦੀ ਤਾਈਦ ਪਾਰਟੀ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਗਮੀਤ ਸਿੰਘ ਬਰਾੜ ਨੇ ਕੀਤੀ ।ਕਿਸੇ ਹੋਰ ਆਗੂ ਨੇ ਪ੍ਰਧਾਨਗੀ ਲਈ ਕਿਸੇ ਵੀ ਆਗੂ ਦਾ ਨਾਮ ਨਹੀਂ ਲਿਆ। ਇਜਲਾਸ ਵਿੱਚ ਮੌਜੂਦ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਮ ‘ਤੇ ਹੀ ਸਹਿਮਤੀ ਪ੍ਰਗਟ ਕੀਤੀ ।ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਖਰਾਬ ਸਿਹਤ ਕਾਰਨ ਇਸ ਇਜਲਾਸ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਆਪਣੇ ਨਾ ਪੁੱਜਣ ਤੇ ਮੁਆਫੀ ਮੰਗਦਿਆਂ ਸਾਰਿਆਂ ਦੇ ਨਾਮ ਸੁਨੇਹਾ ਭੇਜਿਆ। ਜਿਹਾ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਇਸ ਇਜਲਾਸ ਵਿੱਚੋਂ ਗਾਇਬ ਰਹੇ ।
ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਥਾਪਨਾ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਵੀ ਭੇਟ ਕੀਤਾ ਗਿਆ। ਕੇਂਦਰੀ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਇਸ ਮੌਕੇ ਮੌਜੂਦ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਆਗੂਆਂ ਨੇ ਵੀ ਵੱਖਰੇ ਤੌਰ ਤੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ।